Tuesday, March 29, 2011

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਸ਼ਾਲ ਮਾਰਚ


23 ਮਾਰਚ ਨੂੰ ਪਖੋਵਾਲ ਵਿਖੇ ਨੌਜਵਾਨ ਭਾਰਤ ਸਭਾ ਦੀ ਸਥਾਨਕ ਇਕਾਈ ਦੀ ਇਕ ਵਿਸਥਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਨਾਲ਼ ਹੀ 23 ਮਾਰਚ 1988 ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋਏ ਇਨਕਲਾਬੀ ਕਵੀ ਅਵਤਾਰ ਪਾਸ਼ ਨੂੰ ਵੀ ਯਾਦ ਕੀਤਾ ਗਿਆ। ਮੀਟਿੰਗ ਵਿੱਚ ਦੀ ਅਗਵਾਈ ਅਜੇ ਪਾਲ ਨੇ ਕੀਤੀ। ਅਠਾਰਾਂ ਮੈਂਬਰਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਜੇ ਪਾਲ ਨੇ ਭਾਰਤ ਦੀ ਜੰਗੇ ਅਜ਼ਾਦੀ ਦੀ ਇਨਕਲਾਬੀ ਲਹਿਰ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਭੂਮਿਕਾ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਭਗਤ ਸਿੰਘ ਅਤੇ ਹੋਰ ਇਨਕਲਾਬੀ ਯੋਧਿਆਂ ਦਾ ਅਜ਼ਾਦ ਭਾਰਤ ਦਾ ਸੁਪਨਾ ਅਜੇ ਵੀ ਅਧੂਰਾ ਹੈ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਦਾ ਜ਼ਿੰਮਾ ਹੁਣ ਦੇ ਨੌਜਵਾਨਾਂ ਦੇ ਮੌਢਿਆਂ 'ਤੇ ਹੈ। ਸ਼ਾਮ ਨੂੰ ਪਖੋਵਾਲ ਵਿੱਚ 60 ਦੇ ਕਰੀਬ ਨੌਜਵਾਨਾਂ ਨੇ ਮਸ਼ਾਲ ਮਾਰਚ ਕੱਢਿਆ। ਨੌਭਾਸ ਦੇ ਕਨਵੀਨਰ ਸਾਥੀ ਪਰਮਿਦਰ ਨੇ ਮਾਰਚ ਦੇ ਅਤ ਵਿੱਚ ਨੌਜਵਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ. ਜਸਮੀਤ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਸਮਰਪਿਤ ਇਨਕਲਾਬੀ ਸੋਲੋ ਨਾਟਕ ਵੀ ਪੇਸ਼ ਕੀਤਾ। ਫੱਲੇਵਾਲ ਪਿੰਡ ਵਿੱਚ 250 ਦੇ ਕਰੀਬ ਲੋਕਾਂ ਨੇ ਮਸ਼ਾਲ ਮਾਰਚ ਵਿੱਚ ਹਿਸਾ ਲਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲਿਅਤ ਕੀਤੀ। ਅਤੇ ਅਤ ਵਿੱਚ ਨੌਭਾਸ ਦੇ ਆਗੂ ਅਜੇ ਪਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਮਸ਼ਾਲ ਮਾਰਚ ਮੌਕੇ ਲੋਕਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਮਰ ਰਹੇ, ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ, ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਸ਼ਹੀਦਾਂ ਦੀ ਧਰਤੀ ਕਰਦੀ ਮਗ ਸ਼ੁਰੂ ਕਰੋ ਸੰਗਰਾਮੀ ਜੰਗ ਆਦਿ ਗਗਨ ਗੂੰਜਵੇਂ ਨਾਅਰੇ ਲਾਏ।ਇਸ ਤੋਂ ਪਹਿਲਾਂ ਪਿਛਲੇ ਦੋ ਹਫ਼ਤੇ ਤੋਂ ਨੌਭਾਸ ਵੱਲੋਂ ਜਾਰੀ ਪਰਚੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਭਰ ਵਿੱਚ ਅਡ-ਅਡ ਥਾਂਈਂ ਵੰਡੇ ਗਏ ਜਿਵੇਂ ਕਿ ਮਡੀ ਗੋਬਿੰਦਗੜ੍ਹ, ਲੁਧਿਆਣਾ, ਪਟਿਆਲਾ, ਰਾਏਕੋਟ, ਪਖੋਵਾਲ, ਫੱਲੇਵਾਲ, ਚੰਡੀਗੜ੍ਹ, ਖਟਕੜ ਕਲਾਂ। ਸ਼ਹੀਦ ਭਗਤ ਸਿੰਘ ਦਾ ਇਕ ਪੋਸਟਰ ਵੀ ਇਸ ਮੌਕੇ ਜਾਰੀ ਕੀਤਾ ਗਿਆ।

Tuesday, March 1, 2011

ਹੱਸੇ ਤਾਂ ਫੱਸੇ
- ਮਨਬਹਿਕੀ ਲਾਲ

ਦੇਸ਼ ਹੱਸ ਰਿਹਾ ਹੈ। ਪਾਰਕਾਂ ਵਿੱਚ 'ਲਾਫਟਰ ਕਲੱਬ' ਅਤੇ 'ਲਾਫ਼ਟਰ ਯੋਗਾ' ਵਾਲੇ ਤਾੜੀਆਂ ਮਾਰ-ਮਾਰ ਹੱਸ ਰਹੇ ਹਨ। 'ਆਸਥਾ' ਚੈਨਲ 'ਤੇ ਬਾਬਾ ਰਾਮਦੇਵ ਹੱਸ ਰਹੇ ਹਨ। ਨਾ ਸਿਰਫ਼ ਮਨੋਰੰਜਨ ਚੈਨਲ ਸਗੋਂ ਖਬਰਾਂ ਦੇ ਚੈਨਲਾਂ 'ਤੇ ਵੀ ਹੱਸਣ ਦਾ ਬਾਜ਼ਾਰ ਗਰਮ ਹੈ - ਕਿਤੇ 'ਲਾਫ਼ਟਰ ਕੇ ਫਟਕੇ' ਹਨ ਤੇ ਕਿਤੇ 'ਹੱਸੀ ਕਾ ਤੜਕਾ' ਜਾਂ ਫੇਰ 'ਕਾਮੇਡੀ ਕਾ ਡੇਲੀ ਡੋਜ'।
ਇਲੈਕਟ੍ਰੌਨਿਕ ਮੀਡੀਆ ਵਿੱਚ ਆਪਰਾਧ, ਤੰਤਰ-ਮੰਤਰ ਅਤੇ ਔਰਤ ਵਿਰੋਧੀ (ਭਾਵੇਂ ਉਹ ਸੱਸ-ਨੂੰਹ ਦੇ ਸੀਰੀਅਲ ਹੋਣ ਜਾਂ ਅਸ਼ਲੀਲ ਯੌਨ ਹਿੰਸਕ, ਔਰਤ ਦਾ ਜਿਣਸੀਕਰਨ ਕਰਨ ਵਾਲੇ ਗੀਤ-ਗਾਣੇ ਅਤੇ ਹੋਰ ਪ੍ਰੋਗਰਾਮ) ਪ੍ਰੋਗਰਾਮਾਂ ਦੇ ਨਾਲ਼ ਸਭ ਤੋਂ ਗਰਮ ਮੰਡੀ ਹੱਸਣ-ਹਸਾਉਣ ਦੀ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਹੱਸਣ ਹਸਾਉਣ ਦਾ ਵਿਸ਼ਾ ਵੀ ਅਕਸਰ ਔਰਤ ਹੀ ਹੁੰਦੀ ਹੈ - ਉਸਦੀਆਂ ''ਬੇਵਫਾਈਆਂ'', ਉਸਦੀਆਂ ''ਬੇਵਕੂਫੀਆਂ-ਚਲਾਕੀਆਂ'' ਜਾਂ ਉਸਦਾ ''ਮੂਰਖਤਾਪੁਣਾ''। ਜੋ ਸਮਾਜ ਲੁਟੀਦਿਆਂ ਅਤੇ ਬੇਵਸਾਂ-ਮਜ਼ਦੂਰਾਂ 'ਤੇ ਹੱਸਦਾ ਹੈ, ਜੋ ਦੱਬਿਆ-ਕੁਚਲਿਆਂ ਦਾ ਮਖੌਲ ਉਡਾਉਂਦਾ ਹੈ, ਉਸ ਸਮਾਜ ਦੇ ਤਾਣੇ-ਬਾਣੇ ਵਿੱਚ ਮਨੁੱਖਤਾਵਾਦ ਅਤੇ ਜਮਹੂਰੀਅਤ ਦੇ ਰੇਸ਼ੇ-ਧਾਗੇ ਬਹੁਤ ਥੋੜੇ ਹੁੰਦੇ ਹਨ। ਯਾਦ ਕਰੋ, ਪਿੰਡਾਂ ਦੇ ਨਾਚ-ਨਾਟਕਾਂ ਵਿੱਚ ਹੋਣ ਵਾਲੇ ਕੁਝ ਵਿਅੰਗਾਂ ਵਿੱਚ ਪਹਿਲਾਂ ਦਲਿਤਾਂ, ਪਛੜੀਆਂ ਅਤੇ ਔਰਤਾਂ ਦਾ ਕਿਸ ਕਦਰ ਮਖੌਲ ਉਡਾਇਆ ਜਾਂਦਾ ਸੀ ਇਹ ਜਗੀਰੂ ਨਿਰੰਕੁਸ਼ਤਾ ਦਾ ਸੱਭਿਆਚਾਰ ਸੀ। ਹੁਣ ਅਸੀਂ ਇਕ ਸਰਵ-ਵਿਆਪੀ ਪੂੰਜੀਵਾਦੀ ਨਿਰੰਕੁਸ਼ਤਾ ਦੇ ਸੱਭਿਆਚਾਰ ਦੇ ਰੂ-ਬ-ਰੂ ਹਾਂ। ਬਸਤੀਆਂ (ਗੁਲਾਮ) ਰਹਿ ਚੁੱਕੇ ਸਮਾਜਾਂ ਦਾ ਜੋ ਬਿਮਾਰ, ਬੌਣਾਂ ਪੂੰਜੀਵਾਦ ਹੈ, ਇਸ ਕੋਲ ਮਨੁੱਖਤਾਵਾਦ ਅਤੇ ਜਮਹੂਰੀਅਤ ਦੀਆਂ ਸਿਹਤਮੰਦ ਹਾਂ-ਪੱਖੀ ਕਦਰਾਂ-ਕੀਮਤਾਂ ਹਨ ਹੀ ਨਹੀਂ, ਕਿਉਂਕਿ ਇਹ ਪੁਨਰ-ਜਾਗਰਣ - ਪ੍ਰਬੋਧਨ ਇਨਕਲਾਬ ਦਾ ਵਾਰਿਸ ਨਹੀਂ ਹੈ।
ਫਿਲਹਾਲ, ਵਿਸ਼ੇ ਦੀ ਗੰਭੀਰਤਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਹੱਸੋ। ਸਾਰੇ ਹੱਸ ਰਹੇ ਹਨ। ਟੀ. ਵੀ. 'ਤੇ ਹੱਸ ਰਹੇ ਹਨ। ਸਿਨੇਮੇ 'ਚ ਹੱਸ ਰਹੇ ਹਨ (ਸਾਲਾਨਾ ਬਣਨ ਵਾਲੀਆਂ ਹੱਸਣ-ਹਸਾਉਣ ਵਾਲੀਆਂ ਫਿਲਮਾਂ ਦਾ ਕਾਰੋਬਾਰ ਤਾਂ ਵੇਖੋ!)।
ਹੱਸੋ ਕਿ ਠੰਡ ਦੇ ਕਹਿਰ ਨਾਲ਼ ਦੇਸ਼ 'ਚ ਮਰਨ ਵਾਲਿਆਂ ਦਾ ਅੰਕੜਾ ਪੰਜ ਸੌ ਤੋਂ ਪਾਰ ਚਲੇ ਜਾਣ ਦਾ ਡਰ ਹੈ। ਹੱਸੋ ਇਹ ਜਾਣ ਕੇ ਕਿ ਇਸ ਠੰਡ ਵਿੱਚ ਦਿੱਲੀ ਪੁਲਿਸ ਨੇ ਕਿੰਨੀਆਂ ਝੁੱਗੀਆਂ ਬਸਤੀਆਂ ਉਜਾੜ ਸੁੱਟੀਆਂ। ਨਾ ਸਿਰਫ਼ ਅਰਹਰ ਦੀ ਦਾਲ ਦੀ ਕੀਮਤ ਸੌ ਰੁਪਏ ਕਿਲੋ ਤੋਂ ਉਪਰ ਜਾ ਪਹੁੰਚੀ ਹੈ ਸਗੋਂ ਪਿਆਜ, ਆਲੂ, ਚੌਲ, ਆਟਾ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਹੱਸੋ। ਬਾਲਕੋ ਦੀ ਚਿਮਨੀ ਡਿੱਗਣ ਨਾਲ਼ ਕਿੰਨੇ ਮਜ਼ਦੂਰ ਮਰੇ  ਅਤੇ ਚੰਬਲ ਨਦੀ 'ਤੇ ਬਣਦੇ ਪੁਲ ਦੇ ਢਹਿਣ ਨਾਲ਼ ਕਿੰਨੇ ਮਰੇ, ਇਹ ਜਾਣੋ ਅਤੇ ਹੱਸੋ। ਹਿੰਦੋਸਤਾਨ ਵਿਚ ਹਰ ਇੱਕ ਮਿੰਟ ਕਿੰਨੀਆਂ ਔਰਤਾਂ ਨਾਲ਼ ਬਲਾਤਕਾਰ ਹੁੰਦਾ ਹੈ ਅਤੇ ਕਿੰਨੀਆਂ ਸਾੜੀਆਂ ਜਾਂਦੀਆਂ ਹਨ, ਪਤਾ ਚਲਾਓ ਅਤੇ ਹੱਸੋ। ਹਰ ਸਾਲ ਆਪਣੀ ਜਗਾ-ਜ਼ਮੀਨ ਤੋਂ ਉਜੜਨ ਵਾਲਿਆਂ ਦੀ ਗਿਣਤੀ ਦਾ ਪਤਾ ਲਗਾਓ ਅਤੇ ਹੱਸੋ। ਪੰਜਾਹ ਸੱਠ ਰੁਪਏ ਵਿੱਚ ਹੱਡ ਗਲਾਉਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਦੇ ਕੰਮ ਦੇ ਘੰਟਿਆਂ ਅਤੇ ਹਾਲਾਤਾਂ ਦਾ ਪਤਾ ਕਰੋ ਅਤੇ ਹੱਸੋ। ਹੱਸੋ ਕਿ ਹਸਾਉਣ ਲਈ ਮਸਾਲੇ ਬਹੁਤ ਹਨ। ਅਰਚਨਾ ਪੂਰਨ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਵੇਖੋ, ਕਿੰਨਾ ਮੂੰਹ ਫਾੜ ਕੇ ਹੱਸ ਰਹੇ ਹਨ। ਸੋਨੀਆਂ ਗਾਂਧੀ, ਮਨਮੋਹਨ ਸਿੰਘ, ਚਿਦੰਬਰਮ, ਅਡਵਾਨੀ ਮੁਸਕੁਰਾਹਟ ਅਤੇ ਹਲਕੇ ਹਾਸੇ ਨਾਲ਼ ਕੰਮ ਚਲਾ ਲੈਂਦੇ ਹਨ। ਉਹ ਵੱਡੇ ਲੋਕ ਹਨ। ਤੁਸੀਂ ਮਾਮੂਲੀ ਆਦਮੀ ਹੋ, ਇਸ ਲਈ ਜਬਾੜੇ ਫਾੜ ਕੇ ਹੱਸੋ। ਤੁਹਾਡੇ ਲਈ ਅਰਬਾਂ ਦੀ ਲਾਗਤ ਨਾਲ ਹਾਸੇ ਦੀ ਏਨੀ ਵੱਡੀ ਮੰਡੀ ਲੱਗੀ ਹੈ। ਹੱਸੋ। ਹੱਸਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਥੱਲੇ ਆਏਗਾ, ਚੈਨਲ ਦੀ ਟੀ. ਆਰ. ਪੀ. ਰੇਟਿੰਗ ਉੱਪਰ ਹੋ ਜਾਏਗੀ। ਕਰ ਭਲਾ, ਹੋ ਭਲਾ।
ਏਨਾ ਹੱਸੋ ਕਿ ਸੋਚਣ ਲਈ ਨਾ ਸਮਾਂ ਬਚੇ, ਨਾ ਦਿਮਾਗ। ਅੱਖਾਂ ਮੀਚ ਕੇ ਹੱਸੋ ਤਾਂ ਕਿ ਆਸਪਾਸ ਦੀ ਕੋਈ ਚੀਜ਼ ਵਿਖਾਈ ਹੀ ਨਾ ਦੇਵੇ। ਟੀ. ਵੀ. 'ਤੇ ਹਾਸਾ-ਮਜ਼ਾਕ ਹੈ। ਟੀ. ਵੀ. ਪ੍ਰੋਗਰਾਮਾਂ ਦੀ ਸਮੀਖਿਆ ਲਿਖਦੇ ਹੋਏ ਸੁਧੀਸ਼ ਪਚੌਰੀ ਭਾਸ਼ਾ ਨਾਲ਼ ਖੇਡਾਂ ਕਰਦੇ ਹੋਏ ਹੱਸ ਰਹੇ ਹਨ। ਉਹਨਾਂ ਦੀ ਭਾਸ਼ਾ ਹੱਸ ਰਹੀ ਹੈ। ਸੈਮਸੰਗ ਦੇ ਸਹਿਯੋਗ ਨਾਲ਼ ਟੈਗੋਰ ਸਾਹਿਤ ਪੁਰਸਕਾਰ ਦੇਣ ਦਾ ਐਲਾਨ ਕਰਦੇ ਹੋਏ ਸਾਹਿਤ ਅਕਾਦਮੀ ਦਾ ਚੇਅਰਮੈਨ ਅਤੇ ਸੈਮਸੰਗ ਦਾ ਨੁੰਮਾਇਦਾ ਹੱਸ ਰਹੇ ਹਨ।
ਟੀ. ਵੀ. ਤੋਂ ਲੱਗਦਾ ਹੈ ਕਿ ਪੂਰਾ ਦੇਸ਼ ਹੱਸ ਰਿਹਾ ਹੈ। ਪਰ ਵੀਹ ਰੁਪਏ ਤੋਂ ਥੱਲੇ ਜਿਉਣ ਵਾਲੇ 84 ਕਰੋੜ ਲੋਕ ਅਤੇ ਉਹਨਾਂ ਵਿਚੋਂ ਵੀ ਖਾਸਕਰ ਗਿਆਰਾਂ ਰੁਪਏ ਰੋਜ਼ਾਨਾ 'ਤੇ ਜੀਣ ਵਾਲੇ 27 ਕਰੋੜ ਲੋਕ ਪਤਾ ਨਹੀਂ ਕਿਵੇਂ ਅਤੇ ਕਿੰਨਾਂ ਹੱਸ ਰਹੇ ਹੋਣਗੇ! 25 ਕਰੋੜ ਬੇਰੁਜ਼ਗਾਰ ਕਿਵੇਂ ਹੱਸ ਰਹੇ ਹੋਣਗੇ। ਕੁਪੋਸ਼ਣ ਅਤੇ ਭੁੱਖ ਦਾ ਸ਼ਿਕਾਰ ਕਰੋੜਾਂ ਬੱਚਿਆਂ ਦੀਆਂ ਮਾਵਾਂ ਕਿੰਨਾ ਹੱਸ ਸਕ ਰਹੀਆਂ ਹੋਣਗੀਆਂ। ਪਰ ਉਪਰਲੇ ਜਿਨ੍ਹਾਂ 15 ਕਰੋੜ ਲੋਕਾਂ ਲਈ ਸਾਰੀਆਂ ਚੀਜ਼ਾਂ ਦੀ ਹੱਸਦੀ ਹੋਈ ਮੰਡੀ ਹੈ, ਉਹ ਖਾ ਰਹੇ ਹਨ ਅਤੇ ਹੱਸ ਰਹੇ ਹਨ। ਪਦ ਮਾਰ ਰਹੇ ਹਨ ਅਤੇ ਹੱਸ ਰਹੇ ਹਨ। ਕਦੇ-ਕਦੇ ਸੇਅਰਾਂ ਦੇ ਭਾਅ ਡਿੱਗਣ ਨਾਲ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਤਾਂ ਉਹਨਾਂ ਦਾ ਹਾਸਾ ਰੁਕ ਜਾਂਦਾ ਹੈ। ਫੇਰ ਉਹ 'ਲਾਫ਼ਟਰ ਯੋਗਾ' ਕਰਨ ਲੱਗਦੇ ਹਨ ਅਤੇ ਜਬਰਦਸਤੀ ਹੱਸਣ ਲਗਦੇ ਹਨ। ਜੋ ਨਿਚਲੇ ਲੋਕ ਹਨ, ਉਹ ਵੀ ਕਦੇ-ਕਦੇ ਤਣਾਅ ਅਤੇ ਮੁਸੀਬਤਾਂ ਦਾ ਬੋਝ ਹਲਕਾ ਕਰਨ ਲਈ ਹੱਸ ਲੈਂਦੇ ਹਨ। ਪਰ ਓਨਾ ਨਹੀਂ, ਜਿੰਨਾ ਹੱਸਣ ਲਈ ਟੀ. ਵੀ. ਕਹਿ ਰਿਹਾ ਹੈ। ਉਹਨਾਂ ਨੂੰ ਹਾਸਾ ਖਰੀਦਣਾ ਨਹੀਂ ਪੈਂਦਾ। ਇਸ ਲਈ ਉਹਨਾਂ ਨੂੰ ਹਾਸੇ ਦੀ ਮੰਡੀ ਦੀ ਲੋੜ ਨਹੀਂ। ਇਕ ਵਿਚਕਾਰ ਆਦਮੀ ਹੈ, ਜੋ ਨਾ ਥੱਲੜਿਆਂ ਵਾਂਗ ਹੱਸ ਪਾਉਂਦਾ ਹੈ, ਨਾ ਉਪਰਲਿਆਂ ਵਾਂਗ। ਉਹ ਟੀ. ਵੀ. ਦੇ ਹਾਸੇ ਤੋਂ ਪ੍ਰਭਾਵਿਤ ਹੋ ਕੇ ਹੱਸਣਾ ਚਾਹੁੰਦਾ ਹੈ, ਓਦੋਂ ਤੱਕ ਉਸਦਾ ਧਿਆਨ ਆਪਣੇ ਸਸਤੇ ਪੁਰਾਣੇ ਟੈਲੀਵੀਜ਼ਨ 'ਤੇ ਅਤੇ ਫੇਰ ਆਸਪਾਸ ਦੀਆਂ ਚੀਜ਼ਾਂ 'ਤੇ ਚਲਾ ਜਾਂਦਾ ਹੈ ਅਤੇ ਉਸਦਾ ਹਾਸਾ ਘੁੱਟਿਆਂ ਜਾਂਦਾ ਹੈ। ਉਹ ਲਾਫ਼ਟਰ ਕਲੱਬ ਵਾਲਿਆਂ ਵਿੱਚ ਜਾ ਕੇ ਹੱਸਣਾ ਚਾਹੁੰਦਾ ਹੈ, ਪਰ ਉਹਨਾਂ 'ਚ ਸ਼ਾਮਲ ਬੁੱਢਿਆਂ ਦੀਆਂ ਲਾਲ-ਲਾਲ ਗੱਲ੍ਹਾਂ ਦੇਖ ਕੇ ਕੁੰਠਿਤ ਹੋ ਜਾਂਦਾ ਹੈ। ਤੁਰੰਤ ਉਸਦਾ ਧਿਆਨ ਜਾਂਦਾ ਹੈ ਕਿ ਉਸਦੇ ਨਾ ਹੱਸਣ 'ਤੇ ਲੋਕਾਂ ਦਾ ਧਿਆਨ ਜਾ ਰਿਹਾ ਹੈ ਅਤੇ ਉਹ ਅਜੀਬੋ-ਗਰੀਬ ਅਵਾਜ਼ਾਂ ਕੱਢਦਾ ਹੋਇਆ ਜਬਰਦਸਤੀ ਹੱਸਣ ਲੱਗਦਾ ਹੈ।
ਹਾਂ ਸ਼੍ਰੀਮਾਨ/ਸ਼੍ਰੀਮਤੀ ਜੀ, ਜੇਕਰ ਤੁਸੀਂ ਸਧਾਰਨ ਵਿਅਕਤੀ ਹੋ ਅਤੇ ਨਹੀਂ ਹੱਸ ਪਾ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਸੋਚ ਰਹੇ ਹੋ। ਜਾਂ ਫੇਰ ਤੁਸੀਂ ਉਹਨਾਂ ਨਾਲ਼ ਖੜੇ ਹੋ ਜੋ ਚਾਹ ਕੇ ਵੀ ਓਨਾ ਅਤੇ ਉਸ ਕਦਰ ਨਹੀਂ ਹੱਸ ਸਕਦੇ, ਜਿਸ ਤਰ੍ਹਾਂ ਰਾਜੂ ਸ਼੍ਰੀਵਾਸਤਵ ਦੇ ਚੁਟਕਲਿਆਂ 'ਤੇ ਸਿੱਧੂ ਹੱਸਦੇ ਹਨ। ਜਾਂ ਤੁਸੀਂ ਉਹਨਾਂ 'ਚੋਂ ਹੋ ਜੋ ਜ਼ਿਆਦਾ ਭਾਰ ਅਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਨਾ ਹੋਣ ਵਜੋਂ 'ਲਾਫ਼ਟਰ ਯੋਗਾ' ਦੀ ਜ਼ਰੂਰਤ ਅਤੇ ਮਹੱਤਤਾ ਨਹੀਂ ਸਮਝਦੇ। ਇਸ ਲਈ ਜੇਕਰ ਤੁਸੀਂ ਨਹੀਂ ਹੱਸ ਰਹੇ ਤਾਂ ਤੁਹਾਨੂੰ ਇਕ ਖਤਰਨਾਕ ਅਤੇ ਅਸਮਾਜਿਕ ਤੱਤ ਜਾਂ ਨਕਸਲੀ ਤੱਕ ਸਮਝਿਆ ਜਾ ਸਕਦਾ ਹੈ। ਤੁਹਾਡਾ 'ਐਨਕਾਉਂਟਰ' ਤੱਕ ਹੋ ਸਕਦਾ ਹੈ। ਇਸ ਲਈ ਹੱਸੋ, ਜਿਵੇਂ ਕਿ ਰਘੁਵੀਰ ਸਹਾਇ ਨੇ ਕਾਫ਼ੀ ਪਹਿਲਾਂ ਹੀ ਸਾਵਧਾਨ ਕਰਦੇ ਹੋਏ ਕਹਿ ਦਿੱਤਾ ਸੀ:
''ਹੱਸੋ ਹੱਸੋ ਜਲਦੀ ਹੱਸੋ
ਹੱਸੋ ਤੁਹਾਡੇ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ
ਹੱਸੋ ਆਪਣੇ 'ਤੇ ਨਾ ਹੱਸਣਾ ਕਿਉਂਕਿ ਉਸ ਦੀ ਕੁੜੱਤਣ
ਫੜ ਲਈ ਜਾਵੇਗੀ
ਅਤੇ ਤੁਸੀਂ ਮਾਰੇ ਜਾਓਗੇ
ਐਵੇਂ ਹੱਸੋ ਕਿ ਬਹੁਤੇ ਖੁਸ਼ ਨਾ ਲੱਗੋ
ਨਹੀਂ ਤਾਂ ਸ਼ੱਕ ਹੋਵੇਗਾ ਕਿ ਸ਼ਖਸ ਸ਼ਰਮ ਵਿੱਚ ਸ਼ਾਮਲ ਨਹੀਂ
ਅਤੇ ਮਾਰੇ ਜਾਓਗੇ
ਹੱਸਦੇ-ਹੱਸਦੇ ਕਿਸੇ ਨੂੰ ਜਾਣਨ ਨਾ ਦਿਓ ਕਿ ਕਿਸ 'ਤੇ ਹੱਸਦੇ ਹੋ
ਸਭ ਨੂੰ ਮੰਨਣ ਦਿਓ ਕਿ ਤੁਸੀਂ ਸਭ ਦੀ ਤਰ੍ਹਾਂ ਹਾਰ ਕੇ
ਇਕ ਅਪਣਾਪੇ ਦਾ ਹਾਸਾ ਹੱਸਦੇ ਹੋ
ਜਿਵੇਂ ਸਾਰੇ ਹੱਸਦੇ ਹਨ ਬੋਲਣ ਦੀ ਬਜਾਏ
ਜਿੰਨੀ ਦੇਰ ਉੱਚਾ ਗੋਲ ਗੁਬੰਦ ਗੂੰਜ਼ਦਾ ਰਹੇ, ਓਨੀ ਦੇਰ
ਤੁਸੀਂ ਬੋਲ ਸਕਦੇ ਹੋ ਆਪਣੇ ਨਾਲ਼
ਗੂੰਜ ਧੀਮੀ ਪੈਂਦੇ ਪੈਂਦੇ ਫਿਰ ਹੱਸਣਾ
ਕਿਉਂਕਿ ਤੁਸੀਂ ਚੁੱਪ ਮਿਲੇ ਤਾਂ ਵਿਰੋਧ ਦੇ ਜ਼ੁਰਮ ਵਿੱਚ ਫਸੇ
ਅੰਤ 'ਚ ਹੱਸੇ ਤਾਂ ਤੁਹਾਡੇ 'ਤੇ ਸਾਰੇ ਹੱਸਣਗੇ
ਅਤੇ ਤੁਸੀਂ ਬਚ ਜਾਓਗੇ
ਹੱਸੋ ਪਰ ਚੁਟਕਲਿਆਂ ਤੋਂ ਬਚੋ
ਉਹਨਾਂ 'ਚ ਸ਼ਬਦ ਹਨ
ਕਿਤੇ ਉਹਨਾਂ 'ਚ ਉਹ ਅਰਥ ਨਾ ਹੋਣ
ਜੋ ਕਿਸੇ ਨੇ ਸੌ ਸਾਲ ਪਹਿਲਾਂ ਦਿੱਤੇ ਹੋਣ
ਬੇਹਤਰ ਹੈ ਕਿ ਜਦੋਂ ਕੋਈ ਗੱਲ ਕਰੋ ਉਦੋਂ ਹੱਸੋ
ਤਾਂ ਕਿ ਕਿਸੇ ਗੱਲ ਦਾ ਕੋਈ ਮਤਲਬ ਨਾ ਰਹੇ
ਅਤੇ ਅਜਿਹੇ ਮੌਕਿਆਂ 'ਤੇ ਹੱਸੋ
ਜੋ ਕਿ ਜ਼ਰੂਰੀ ਨਾ ਹੋਣ
ਜਿਵੇਂ ਗਰੀਬ 'ਤੇ ਕਿਸੇ ਤਕੜੇ ਦੀ ਮਾਰ
ਜਿੱਥੇ ਕੋਈ ਕੁਝ ਨਹੀਂ ਕਰ ਸਕਦਾ
ਉਸ ਗਰੀਬ ਤੋਂ ਛੁੱਟ
ਅਤੇ ਉਹ ਵੀ ਅਕਸਰ ਹੱਸਦਾ ਹੈ
ਹੱਸੋ ਹੱਸੋ ਜਲਦੀ ਹੱਸੋ
ਇਸ ਤੋਂ ਪਹਿਲਾਂ ਕਿ ਉਹ ਚਲੇ ਜਾਣ
ਉਹਨਾਂ ਨਾਲ਼ ਹੱਥ ਮਿਲਾਉਂਦੇ ਹੋਏ
ਨਜ਼ਰਾਂ ਝੁਕਾਈਂ
ਉਸਨੂੰ ਯਾਦ ਦਿਲਾਉਂਦੇ ਹੱਸੋ
ਕਿ ਕੱਲ ਤੂੰ ਵੀ ਹੱਸਿਆ ਸੀ।
ਕਵੀ ਰਘੁਵੀਰ ਸਹਾਇ ਨੂੰ ਪੂੰਜੀਵਾਦੀ ਸਮਾਜ ਵਿੱਚ ਹਾਸਿਆਂ ਦੀਆਂ ਕਿਸਮਾਂ ਬਾਰੇ। ਉਸਦੀ ਜ਼ਰੂਰਤ ਅਤੇ ਮਜ਼ਬੂਰੀ ਬਾਰੇ ਸਭ ਤੋਂ ਡੂੰਘੀ ਜਾਣਕਾਰੀ ਸੀ। ਜੇਕਰ ਤੁਸੀਂ ਨਿਮਨ-ਮੱਧਵਰਗ ਦੇ ਆਮ ਆਦਮੀ ਹੋ ਅਤੇ ਅਧਿਐਨ ਜਾਂ ਕੰਮਕਾਰ ਲਈ ਅਕਾਦਮਿਕ ਦੁਨੀਆਂ, ਸੱਭਿਆਚਾਰਕ ਦੁਨੀਆਂ, ਮੀਡੀਆ, ਐਨ. ਜੀ. ਓ. ਦੇ ਦਫ਼ਤਰਾਂ 'ਚ ਤੁਹਾਡਾ ਆਉਣਾ ਜਾਣਾ ਹੁੰਦਾ ਹੋਵੇ ਅਤੇ ਉਥੋਂ ਦੇ ਖੁਦ ਨੂੰ ਸੱਭਿਅਕ-ਸੰਵੇਦਨਸ਼ੀਲ ਦਿਖਾਉਣ ਵਾਲੇ ਸ਼ਕਤੀਸ਼ਾਲੀ-ਪ੍ਰਭਾਵਸ਼ਾਲੀ ਖਾਧੇ-ਪੀਦੇ ਲੋਕਾਂ ਦੀਆਂ ਮੰਡਲੀਆਂ ਬੈਠਕਾਂ 'ਚ ਕਦੇ ਉੱਠਣ-ਬੈਠਣ ਦਾ ਮੌਕਾ ਮਿਲ ਜਾਵੇ ਤਾਂ ਰਘੁਵੀਰ ਸਹਾਇ ਦੀ ਇਹ ਕਵਿਤਾ ਤੁਹਾਨੂੰ ਜ਼ਰੂਰ ਯਾਦ ਆਏਗੀ:
ਗਰੀਬ ਲੋਕਾਂ ਦੀ ਲੁੱਟ ਹੈ
ਕਹਿ ਕੇ ਤੁਸੀਂ ਹੱਸੋ
ਲੋਕਤੰਤਰ ਦਾ ਆਖਰੀ ਪਲ ਹੈ
ਕਹਿ ਕੇ ਤੁਸੀਂ ਹੱਸੋ
ਸਾਰੇ ਦੇ ਸਾਰੇ ਭ੍ਰਿਸ਼ਟਾਚਾਰੀ
ਕਹਿ ਕੇ ਤੁਸੀਂ ਹੱਸੋ
ਚਾਰ-ਚੁਫੇਰੇ ਬੜੀ ਬੇਵਸੀ
ਕਹਿ ਕੇ ਤੁਸੀਂ ਹੱਸੋ
ਕਿੰਨੇ ਤੁਸੀਂ ਸੁਰੱਖਿਅਤ ਹੋਵੋਗੇ
ਮੈਂ ਸੋਚਣ ਲੱਗਿਆ
ਅਚਾਨਕ ਮੈਨੂੰ ਇਕੱਲਾ ਵੇਖ
ਫਿਰ ਤੋਂ ਤੁਸੀਂ ਹੱਸੋ
ਅਜਿਹੀ ਹੀ ਇੱਕ ਬੈਠਕ ਵਿੱਚ ਕਈ ਵੱਡੇ ਸਰਕਾਰੀ ਅਧਿਕਾਰੀ, ਕਵੀ-ਲੇਖਕ, ਕੁਝ ਸੀਨੀਅਰ ਪੱਤਰਕਾਰ, ਕੁਝ ਪ੍ਰੋਫੈਸਰ ਅਤੇ ਕੁਝ ਐਨ. ਜੀ. ਓ. ਚਲਾਉਣ ਵਾਲੇ ਬੈਠ ਕੇ ਸਕੌਚ ਦੀਆਂ ਚੁਸਕੀਆਂ ਨਾਲ਼ ਦੇਸ਼ ਦੀ ਹਾਲਤ 'ਤੇ ਗੱਲਬਾਤ ਕਰ ਰਹੇ ਸਨ। ਉਹਨਾਂ ਦਾ ਮੰਨਣਾ ਸੀ ਕਿ ਇਸ ਦੇਸ਼ ਵਿੱਚ ਇਕ ''ਸੋਸ਼ਲ ਰੈਵੂਲਿਊਸ਼ਨ'' ਬੇਹੱਦ ਜ਼ਰੂਰੀ ਹੈ। ਮੈਨੂੰ ਕਿਸੇ ਕੰਮ ਵਜੋਂ ਉਸ ਵਿੱਚ ਘੁਸ ਕੇ ਬੈਠਣ ਦਾ ਮੌਕਾ ਮਿਲਿਆ। ਲਗਾਤਾਰ ਮੈਨੂੰ ਰਘੁਵੀਰ ਸਹਾਇ ਦੀ ਉਪਰੋਕਤ ਕਵਿਤਾ ਯਾਦ ਆਉਂਦੀ ਰਹੀ। ਸਤਾਉਂਦੀ ਰਹੀ।
ਦਿੱਲੀ ਵਿੱਚ ਜਦੋਂ ਵੀ ਕਦੇ ਕਿਸੇ ਸ਼ਾਨਦਾਰ ਸਭਾ ਭਵਨ ਵਿੱਚ ਰਾਜਨੀਤਕ-ਸਮਾਜਿਕ ਵਿਸ਼ਿਆਂ 'ਤੇ ਵਿਚਾਰ-ਚਰਚਾ ਦੇ ਨਾਲ਼ ਖਾਣ-ਪੀਣ ਦਾ ਮਾਹੌਲ ਦਿਖਦਾ ਹੈ ਤਾਂ ਰਘੁਵੀਰ ਸਹਾਇ ਦੀ ਇਕ ਹੋਰ ਕਵਿਤਾ ਆਪਣੇ ਆਪ ਜਿਹਨ ਵਿਚ ਘੁਸ ਕੇ ਉਛਲਣਾ-ਕੁਦਣਾ ਸ਼ੁਰੂ ਕਰ ਦਿੰਦੀ ਹੈ:
ਨਵਾਂ ਹਾਸਾ
ਮਹਾਂ ਸੰਘ ਦਾ ਢਿਡਲ ਪ੍ਰਧਾਨ
ਰੱਖਿਆ ਹੋਇਆ ਗੱਦੀ 'ਤੇ ਖੁਜਲਾਉਂਦਾ ਹੈ ਢਿੱਡ
ਸਿਰ ਨਹੀਂ
ਹਰ ਸਵਾਲ ਦਾ ਉੱਤਰ ਦੇਣ ਲਈ ਤਿਆਰ
ਵੀਹ ਵੱਡੇ ਅਖ਼ਬਾਰਾਂ ਦੇ ਪ੍ਰਤੀਨਿੱਧ ਪੁੱਛਣ ਪੱਚੀ ਵਾਰ
ਕੀ ਹੋਇਆ ਸਮਾਜਵਾਦ ਦਾ
ਕਹਿਣ ਮਹਾਂਸੰਘਪਤੀ ਪੱਚੀ ਵਾਰ ਅਸੀਂ ਕਰਾਂਗੇ ਵਿਚਾਰ
ਅੱਖ ਮਾਰ ਕੇ ਪੱਚੀ ਵਾਰ ਉਹ, ਹੱਸੇ ਉਹ, ਪੱਚੀ ਵਾਰ
ਹੱਸਣ ਵੀਹ ਅਖ਼ਬਾਰ
ਇਕ ਨਵੇਂ ਤਰ੍ਹਾਂ ਦਾ ਹਾਸਾ ਇਹ ਹੈ
ਪਹਿਲਾਂ ਭਾਰਤ ਵਿੱਚ ਸਮੂਹਕ ਹਾਸਾ-ਮਖੌਲ ਤਾਂ ਨਹੀਂ ਹੀ ਸੀ।
ਜੋ ਅੱਖ ਨਾਲ਼ ਅੱਖ ਮਿਲਾ ਹੱਸ ਲੈਂਦੇ ਸਨ
ਇਸ ਵਿੱਚ ਸਭ ਲੋਕ ਸੱਜੇ-ਖੱਬੇ ਝਾਕਦੇ ਹਨ
ਅਤੇ ਇਹ ਮੂੰਹ ਫਾੜ ਕੇ ਹੱਸਿਆ ਜਾਂਦਾ ਹੈ।
ਕੌਮ ਨੂੰ ਮਹਾਂਸੰਘ ਦਾ ਇਹ ਸੰਦੇਸ਼ ਹੈ
ਜਦੋਂ ਮਿਲੋ ਤਿਵਾਰੀ ਨੂੰ - ਹੱਸੋ - ਕਿਉਂਕਿ ਤੁਸੀਂ ਵੀ ਤਿਵਾਰੀ ਹੋ
ਜਦੋਂ ਮਿਲੋ ਸਰਮਾ ਨੂੰ - ਹੱਸੋ - ਕਿਉਂਕਿ ਉਹ ਵੀ ਤਿਵਾਰੀ ਹੈ
ਜਦੋਂ ਮਿਲੋ ਮੁਸੱਦੀ ਨੂੰ
ਸਰਮਿੰਦਾ ਹੋਵੋ
ਜਾਤ ਪਾਤ ਤੋਂ ਪਰ੍ਹਾਂ
ਰਿਸਤਾ ਅਟੁੱਟ ਹੈ
ਕੌਮੀ ਸ਼ਰਮ ਦਾ।

ਪਾਸ਼ ਦੀ ਕਵਿਤਾ ਦੇ ਕੁਝ ਸ਼ਬਦਾਂ ਨੂੰ ਬਦਲ ਦੇ ਮੈਂ ਇੰਝ ਕਹਿਣਾ ਚਾਹਾਂਗਾ: 'ਸਭ ਤੋਂ ਖ਼ਤਰਨਾਕ ਹੁੰਦਾ ਹੈ ਵਿਚਾਰਹੀਣ ਹਾਸੇ ਦਾ ਹੋਣਾ।' ਜੇਕਰ ਤੁਸੀਂ ਵਿਚਾਰਹੀਣ ਹਾਸਾ ਹੱਸਦੇ ਹੋ ਤਾਂ ਤੁਸੀਂ ਆਪਣੇ ਆਸ-ਪਾਸ ਦੇ ਮਾਹੌਲ ਤੋਂ ਟੁੱਟੇ ਇਕ ਪੂਰੀ ਤਰ੍ਹਾਂ ਆਤਮਕੇਂਦਰਤ ਅਤੇ ਸਵੈ-ਇੱਛਾਚਾਰੀ ਸੁਭਾਅ ਦੇ ਵਿਅਕਤੀ ਹੋ। ਜਿੱਥੇ ਤੱਕ ਤੁਹਾਡੀ ਔਕਾਤ ਹੋਵੇਗੀ, ਤੁਸੀਂ ਤਾਨਾਸ਼ਾਹੀ ਕਰੋਗੇ ਅਤੇ ਤਾਨਾਸ਼ਾਹ ਦੀ ਸੱਤ੍ਹਾ ਨੂੰ ਖੁਸ਼ੀ-ਖੁਸ਼ੀ ਕਬੂਲ ਕਰੋਗੇ। ਇਸ ਲਈ ਮੇਰੇ ਵੀਰੋ, ਹੱਸੋ। ਹੱਸਣਾ ਤਾਂ ਮਨੁੱਖੀ ਗੁਣ ਹੈ। ਪਰ ਇਕ ਵਿਚਾਰਹੀਣ ਹਾਸਾ ਨਾ ਹੱਸੋ। ਵਿਚਾਰਹੀਣ ਹਾਸਾ ਨਿਰੰਕੁਸ਼ ਸਵੈਇੱਛਾਚਾਰ ਦੀ ਹਾਜ਼ਰੀ ਦਾ, ਜਾਂ ਫਿਰ ਆਪਣੀ ਹੀ ਹੋਣੀ ਤੋਂ ਅਣਜਾਣ ਸ਼ਤਰਮੁਰਗ ਪ੍ਰਵਿਰਤੀ ਦਾ ਅਹਿਸਾਸ ਦਿਲਾਉਂਦੀ ਹੈ। ਵਿਚਾਰਹੀਣ ਹਾਸਾ ਡਰਾਉਂਦਾ ਹੈ, ਜਿਵੇਂ ਕਿ ਕਾਤਿਆਇਨੀ ਦੀ ਇਹ ਕਵਿਤਾ ਦੱਸਦੀ ਹੈ:

ਉਹਨਾਂ ਦਾ ਹੱਸਣਾ
ਸਾਡੇ-ਤੁਹਾਡੇ ਵਰਗੇ ਹੀ ਲੋਕ ਸਨ
ਉਹ
ਜੋ ਹੱਸ ਰਹੇ ਸਨ।
ਉਂਝ ਵੀ ਕਿੱਥੇ ਹੱਸਣਾ ਮਿਲਦਾ ਹੈ
ਇਹਨੀ ਦਿਨੀਂ
ਇਸ ਤਰ੍ਹਾਂ ਇਕੱਠੇ।
ਉਹ ਹੱਸ ਰਹੇ ਸਨ
ਤਾਂ
ਸਾਨੂੰ ਵੀ ਹੱਸਣਾ ਚਾਹੀਦਾ ਸੀ
ਜਾਂ
ਘਟੋ ਘਟ ਖੁਸ਼ ਹੋਣਾ ਚਾਹੀਦਾ ਸੀ
ਕਿ
ਉਹ ਹੱਸ ਰਹੇ ਸਨ।
ਪਰ ਡਰਾ ਰਹੇ ਸਨ  ਉਹ
ਕੰਬਣੀ ਜਿਹੀ ਛਿੜ ਰਹੀ ਸੀ
ਰੀੜ ਦੀ ਹੱਡੀ ਵਿੱਚ।
ਉੱਥੋਂ ਆ ਜਾਣ 'ਤੇ ਵੀ
ਇਕ ਡੂੰਘੀ ਉਦਾਸੀ ਨੇ ਜਕੜੀ ਰੱਖਿਆ
ਆਤਮਾ ਤੱਕ ਨੂੰ ਕਾਲ਼ਾ ਕਰਦੀ ਹੋਈ
ਵਿੱਚ ਵਿੱਚ ਨੂੰ
ਗੁੱਸਾ ਬੇਹਿਸਾਬ।
ਚਿੰਤਾ ਨਿਰ-ਉਪਾਅ।
ਯਾਦ ਕਰਕੇ ਵੀ ਉਹ ਦ੍ਰਿਸ਼
ਕੰਬਣੀ ਛਿੜ ਜਾਂਦੀ ਸੀ
ਕਿ
ਉਹ ਹੱਸ ਰਹੇ ਹਨ
ਅਤੇ
ਹੱਸਦੇ ਹੋਏ ਉਹਨਾਂ ਦੀਆਂ ਅੱਖਾਂ ਨਹੀਂ ਸਨ।
ਹਾਸੇ ਪਿੱਛੇ ਜੇ ਨਜ਼ਰੀਆ ਹੋਵੇ, ਜੇਕਰ ਤੁਸੀਂ ਪ੍ਰਬੰਧ ਦੀਆਂ ਵਿਰੋਧਤਾਈਆਂ ਕਰੂਰਤਾਵਾਂ ਅਤੇ ਪੂੰਜੀਵਾਦੀ ਸਮਾਜ ਵਿੱਚ ਆਮ ਆਦਮੀ ਦੀ ਤ੍ਰਾਸਦ ਹੋਣੀ ਨੂੰ ਸਾਹਮਣੇ ਲਿਆਓ ਜਾਂ ਕਲਾਤਮਕ ਦੁਨੀਆਂ ਵਿੱਚ ਹਾਸਾ ਇਕ ਹਥਿਆਰ ਹੋ ਸਕਦਾ ਹੈ। ਜਿਵੇਂ ਚਾਰਲੀ ਚੈਪਲਿਨ ਦੀ 'ਗੋਲ਼ਡ ਰਸ਼', 'ਮਾਡਰਨ ਟਾਈਮਜ' ਅਤੇ 'ਦਿ ਗ੍ਰੇਟ ਡਿਕਟੇਟਰ' ਜਿਹੀਆਂ ਫਿਲਮਾਂ। ਸੱਤ੍ਹਾ ਧਾਰੀ ਦਾ ਮਖੌਲ ਉਡਾਉਂਦੇ ਹੋਏ ਹੱਸਣਾ ਬਹਾਦਰੀ ਦਾ ਸਬੂਤ ਹੈ। ਆਪਣੀ ਤ੍ਰਾਸਦ ਹੋਣੀ 'ਤੇ, ਬਿਨਾਂ ਤਰਸ ਦਾ ਪਾਤਰ ਬਣੇ ਹੱਸਣਾ, ਸਮਝਦਾਰੀ ਦਾ ਸਬੂਤ ਹੈ। ਇਹ ਸਾਨੂੰ ਸੋਚਣ ਦੀ ਹੋਰ ਉੱਨਤ ਮੰਜਲ ਤੱਕ ਜਾਣ ਲਈ ਪ੍ਰੇਰਿਤ ਕਰਦਾ ਹੈ। ਇਹ 'ਕੈਥਾਰਸਿਸ' ਦੀ ਮਾਨਸਿਕ ਸਥਿਤੀ ਬਣਾਉਂਦਾ ਹੈ।
ਵਿਚਾਰਹੀਣ ਹਾਸੇ ਦੀ ਅਤਿ ਸਾਨੂੰ ਨੰਗੇ ਰਾਜੇ ਦੇ ਜਾਲਮ ਰਾਜ ਨੂੰ ਸਵੀਕਾਰ ਕਰਨ ਲਈ ਤਿਆਰ ਕਰਦੀ ਹੈ। ਇਹ ਹੇਜਮਨੀ ਦੀ ਰਾਜਨੀਤੀ ਦਾ ਇਕ ਸੱਭਿਆਚਾਰਕ ਏਜੰਡਾ ਹੈ। ਕਿਸੇ ਦਿਨ ਜਦੋਂ ਕੋਈ ਬੱਚੇ ਜਿਹੀ ਸਾਦਗੀ ਨਾਲ਼ ਰਾਜੇ ਨੂੰ ਨੰਗਾ ਕਹਿੰਦੇ ਹੋਏ ਹੱਸ ਪਏਗਾ ਤਾਂ ਸਾਰੇ ਲੋਕ ਹੱਸ ਪੈਣਗੇ ਅਤੇ ਰਾਜੇ ਦੇ ਏਨੀਆਂ ਕੁਤਕਤਾੜੀਆਂ ਕੱਢਣਗੇ ਕਿ ਰਾਜਾ ਹੱਸਦੇ ਹੱਸਦੇ ਮਰ ਜਾਵੇਗਾ। ਇਹ ਵੀ ਹਾਸੇ ਦਾ ਇਕ ਰੂਪ ਹੈ। ਅਜਿਹਾ ਪੀੜੀਆਂ ਪਿਛੋਂ ਹੋਇਆ ਕਰਦਾ ਹੈ। ਪਰ ਇਸ ਦੀ ਸਿਰਫ਼ ਕਲਪਨਾ ਤੋਂ ਵੀ ਉਹ ਡਰਦੇ ਹਨ ਜੋ ਆਮ ਲੋਕਾਂ ਨੂੰ ਵਿਚਾਰਹੀਣ ਹਾਸਾ ਹਸਾਉਂਦੇ ਰਹਿਣ ਲਈ ਅੱਜ ਹਾਸੇ ਦੀ ਮੰਡੀ ਹਰ ਪਾਸੇ ਫਲਾਉਂਦੇ ਹਨ ਅਤੇ ਆਪਣੀ ਚਾਲ ਨੂੰ ਸਫ਼ਲ ਹੁੰਦੇ ਵੇਖ ਆਮ ਲੋਕਾਂ 'ਤੇ ਹੱਸਦੇ ਹਨ।