ਇਨਕਲਾਬੀ ਸੰਕਲਪ ਯਾਤਰਾ

ਇਨਕਲਾਬੀ    ਨਵਜਾਗਰਣ   ਦੇ   ਤਿੰਨ   ਸਾਲ
(23 ਮਾਰਚ   2005-28   ਸਤੰਬਰ   2008)
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ
ਸ਼ਹਾਦਤ ਦੀ 75ਵੀਂ ਵਰ੍ਹੇਗੰਢ
ਤੇ ਭਗਤ ਸਿੰਘ ਦੇ 100ਵੇਂ ਜਨਮ ਦਿਨ ਦੇ
ਤਿੰਨ ਇਤਿਹਾਸਕ ਸਾਲਾਂ ਦੌਰਾਨ
ਨਵੇਂ ਲੋਕ ਮੁਕਤੀ ਸੰਘਰਸ਼ ਦੀ
ਤਿਆਰੀ ਦੇ ਸੰਕਲਪ ਅਤੇ ਸੰਦੇਸ਼ ਨਾਲ
ਵਿਦਿਆਰਥੀਆਂ-ਨੌਜਵਾਨਾਂ ਦੀ ਦੇਸ਼ ਵਿਆਪੀ

ਇਨਕਲਾਬੀ   ਸੰਕਲਪ   ਯਾਤਰਾ
 
ਅਸੀਂ ਸਾਰੇ ਸੱਚੇ ਨੌਜਵਾਨਾਂ ਨੂੰ ਸੱਦਾ ਦੇਂਦੇ ਹਾਂ!
ਅਸੀਂ ਸਾਰੇ ਜੀਉਂਦੇ ਲੋਕਾਂ ਨੂੰ ਅਵਾਜ਼ ਦੇਂਦੇ ਹਾਂ।
ਅਸੀਂ ਤੂਫ਼ਾਨ ਦੇ ਹਿਰਾਵਲਾਂ ਨੂੰ ਸੱਦਾ ਦੇਂਦੇ ਹਾਂ।


ਨੌਜਵਾਨ ਭਾਰਤ ਸਭਾ


ਵੱਟੋ-ਵੱਟ ਹੋ ਜਾਂਦੀ ਹੈ ਆਲਮ ਦੀ ਸਿਆਹ ਚਾਦਰ

ਜਦ ਵਿਹੜੇ 'ਚ ਕੁੱਕੜ ਦੀ ਬਾਂਗ ਛਣਕ ਉੱਠਦੀ ਹੈ

ਗੀਤ ਆਲ੍ਹਣਿਆਂ 'ਚੋਂ ਨਿਕਲ਼ ਕੇ ਬਾਹਰ ਆਉਂਦੇ ਹਨ

ਤੇ ਹਵਾ ਵਿਚ ਖੁਰਚ ਦਿੰਦੇ ਹਨ

ਸ਼ਹੀਦਾਂ ਦੇ ਅਮਿੱਟ ਚਿਹਰੇ,

ਮਿੱਟੀ ਦਾ ਸਭ ਤੋਂ ਸੁਹਾਣਾ ਸਫ਼ਰ।


ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋ

ਤਾਂ ਅੱਖਰਾਂ 'ਤੇ ਫੈਲ ਜਾਂਦੇ ਹਨ

ਉਹਨਾਂ ਦੇ ਅਮਲ ਅਤੇ ਸਿੱਖਿਆਵਾਂ,

ਜਦ ਸਮਾਜ ਦੇ ਕੁਰੱਖਤ ਸੀਨੇ 'ਤੇ

ਹੁੰਦਾ ਹੈ ਛਵੀਆਂ ਦਾ ਨਾਚ

ਜਦ ਤੱਤੇ ਲਹੂ ਬੱਕਰੇ ਬੁਲਾਉਂਦੇ ਹਨ

ਜਾਂ ਜਦ ਢਿੱਡ ਦੀ ਗੜਗੜਾਹਟ ਨਾਹਰਾ ਬਣਦੀ ਹੈ

ਤਾਂ ਕਦੀ ਰੋਂਦੇ ਕਦੀ ਮੁਸਕਰਾਉਂਦੇ ਹਨ

ਸਲੀਬ ਦੇ ਗੀਤ।


ਤੁਹਾਡੇ ਕੋਲ਼ ਚੌਅ ਹੈ ਜਾਂ ਖਰਾਦ ਦੀ ਹੱਥੀ

ਤੁਹਾਡੇ ਪੈਰਾਂ ਵਿੱਚ ਸਵੇਰ ਹੈ ਜਾਂ ਸ਼ਾਮ

ਤੁਹਾਡੇ ਅੰਗ-ਸੰਗ ਤੁਹਾਡੇ ਸ਼ਹੀਦ

ਤਹਾਥੋਂ ਕੋਈ ਆਸ ਰੱਖਦੇ ਹਨ।

                                              ਪਾਸ਼



   ਇਸ ਦੇਸ਼ ਦੇ ਬਹਾਦਰ ਇਨਸਾਫ਼ ਪਸੰਦ ਨੌਜਵਾਨੋ,
                 ਅਸੀਂ ਤੁਹਾਨੂੰ ਮਹਾਨ ਸ਼ਹੀਦ ਅਤੇ ਨੌਜਵਾਨ ਇਨਕਲਾਬੀ ਵਿਚਾਰਕ, ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਕਰਨ ਲਈ ਸੱਦਾ ਦੇ ਰਹੇ ਹਾਂ। ਸਾਡੀ ਨਿਹਚਾ ਅਤੇ ਸੰਕਲਪ 'ਤੇ ਵਿਸ਼ਵਾਸ਼ ਕਰੋ ਅਤੇ ਇਸ ਮੁਹਿੰਮ ਵਿਚ ਸੰਗੀ ਬਣਨ ਲਈ ਸਾਡੇ ਨਾਲ ਆਓ !
 
ਸਾਥੀਓ,
             ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ। ਹੁਣ ਤੋਂ ਲੈ ਕੇ ਅਗਲੇ ਤਿੰਨ ਸਾਲ ਉਸ ਪੀੜ੍ਹੀ ਦੇ ਕਈ ਇਨਕਲਾਬੀਆਂ ਦੇ ਜਨਮ ਦੀ 100 ਵੀਂ ਵਰ੍ਹੇਗੰਢ ਹੋਵੇਗੀ। ਇੱਕ ਵਾਰ ਫਿਰ ਇਤਿਹਾਸ  ਸਾਡੇ ਦਿਲ ਦਿਮਾਗ ਦੇ ਦਰਵਾਜ਼ਿਆਂ ਉੱਪਰ ਦਸਤਕ ਦੇ ਰਿਹਾ ਹੈ। ਕੀ ਅਸੀਂ ਇਸ ਦੇਸ਼ ਨੂੰ ਇਸੇ ਤਰ੍ਹਾਂ ਚੁੱਪਚਾਪ ਇਹਨਾਂ ਇਨਕਲਾਬੀਆਂ ਦੇ ਖੰਡਿਤ ਅਧੂਰੇ ਸੁਪਨਿਆਂ ਦੀ ਤ੍ਰਾਸਦੀਪੂਰਣ ਗਾਥਾ ਬਣਿਆ ਦੇਖਦੇ ਰਹਾਂਗੇ? ਕੀ ਇਸ ਦੇਸ਼ ਦੇ ਨੌਜਵਾਨ ਏਸੇ ਤਰ੍ਹਾਂ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਗੇ, ਆਪੋ-ਆਪਣੇ ਸਵਾਰਥਾਂ ਲਈ ਸਮਝੌਤੇ ਕਰਦੇ ਹੋਏ ਰੀੜ੍ਹ ਰਹਿਤ ਕੀੜਿਆਂ ਵਾਂਗ ਰੀਂਘਦੇ ਰਹਿਣਗੇ, ਦੇਸ਼ ਦੀ ਸਾਰੀ ਧਨ ਦੌਲਤ ਦੀ ਉਸਾਰੀ ਕਰਨ ਵਾਲੀ ਅੱਸੀ ਫ਼ੀਸਦੀ ਅਬਾਦੀ ਨੂੰ ਵੀਹ ਫੀਸਦੀ ਲੋਟੂਆਂ, ਪਰਜੀਵੀਆਂ ਹੱਥੋਂ ਲੁੱਟਦੀ-ਪਿਸਦੀ ਦੇਖਦੇ ਰਹਿਣਗੇ ਅਤੇ ਖ਼ੁਦ ਰੰਗ ਬਰੰਗੇ ਵੋਟ ਮਦਾਰੀਆਂ ਦੇ ਜਮੂਰੇ ਬਣਨਾ ਪ੍ਰਵਾਨ ਕਰਦੇ ਰਹਿਣਗੇ? ¸ਬਿਲਕੁਲ ਨਹੀਂ। ਸਾਡਾ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਜ਼ੁਲਮ-ਜ਼ਬਰ ਦੇ ਇਸ ਹਨ੍ਹੇਰੇ ਵਿਰੁੱਧ, ਨਵੇਂ ਸਿਰੇ ਤੋਂ ਇੱਕ ਫੈਸਲਾਕੁਨ ਸੰਘਰਸ਼ ਛੇੜਨ ਲਈ ਅਤੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਵਾਲੇ ਬਹਾਦਰ ਨੌਜਵਾਨਾਂ ਦੀ ਕਮੀ ਨਹੀਂ ਹੈ। ਬਸ ਲੋੜ ਹੈ, ਇੱਕ ਨਵੀਂ ਸ਼ੁਰੂਆਤ ਲਈ ਜ਼ੁਅਰਤਮੰਦ ਪਹਿਲਕਦਮੀ ਦੀ। ਇਸੇ ਪਹਿਲਕਦਮੀ ਲਈ ਅਸੀਂ ਤੁਹਾਨੂੰ ਸੱਦਾ ਦੇ ਰਹੇ ਹਾਂ।

        ਮਾਰਚ 2005 ਤੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦਾ 75ਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਇਹੋ ਇੱਕ ਮੁਕਤੀ ਸੰਘਰਸ਼ ਦੇ ਕਲਮ ਦੇ ਸਿਪਾਹੀ ਗਣੇਸ਼ ਸ਼ੰਕਰ ਵਿਦਿਆਰਥੀ ਦੀ ਸ਼ਹਾਦਤ ਦਾ ਵੀ 75ਵਾਂ ਸਾਲ ਹੈ। ਇਸੇ ਸਾਲ ਭਗਤ ਸਿੰਘ ਦੇ ਸਾਥੀ ਜਤਿੰਦਰ ਨਾਥ ਦਾਸ ਦੀ ਸ਼ਹਾਦਤ ਦੀ 75ਵੀਂ ਵਰ੍ਹੇਗੰਢ ਹੈ ਅਤੇ 27 ਫਰਵਰੀ ਤੋਂ ਚੰਦਰ ਸ਼ੇਖਰ ਆਜ਼ਾਦ² ਦੀ ਸ਼ਹਾਦਤ ਦਾ 75ਵਾਂ ਸਾਲ ਅਤੇ ਉਸ ਦੇ ਜਨਮ ਦਾ 100ਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਇਸ ਸਾਲ 18 ਅਪ੍ਰੈਲ ਨੂੰ ਚਟਗਾਂਵ ਵਿਦਰੋਹ ਦੀ 75ਵੀਂ ਵਰ੍ਹੇਗੰਢ ਸੀ। ਫਰਵਰੀ 2006 ਵਿਚ ਜਲ ਸੈਨਾ ਬਗਾਵਤ ਦੇ 60 ਸਾਲ ਪੂਰੇ ਹੋ ਰਹੇ ਹਨ ਅਤੇ ਮਈ 2007 ਵਿਚ ਭਾਰਤ ਦੀ ਪਹਿਲੀ ਜੰਗੇ-ਆਜ਼ਾਦੀ ਦੇ 150 ਸਾਲ ਪੂਰੇ ਹੋ ਜਾਣਗੇ। 28 ਸਤੰਬਰ 2006 ਤੋਂ ਭਗਤ ਸਿੰਘ ਦੇ ਜਨਮ ਦਿਨ ਦੇ 100ਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ। 28 ਸਤੰਬਰ 2007 ਤੋਂ ਉਸ ਦੇ ਜਨਮ ਦੀ 100ਵੀਂ ਵਰ੍ਹੇਗੰਢ ਦੀ ਇਤਿਹਾਸਕ ਸ਼ੁਰੂਆਤ ਹੋਵੇਗੀ ਜਿਸ ਦੀ ਸਮਾਪਤੀ ਸਤੰਬਰ 2008 ਵਿਚ ਹੋਵੇਗੀ। ਇਹ ਮੌਕਾ ਇਸ ਦੇਸ਼ ਦੇ ਨੌਜਵਾਨਾਂ ਲਈ ਆਪਣੀ ਇਤਿਹਾਸਕ ਜਿੰਮੇਵਾਰੀ ਨੂੰ ਯਾਦ ਕਰਨ ਦਾ ਮੌਕਾ ਹੈ। ਸਾਥੀਓ! 23 ਮਾਰਚ 2005 ਤੋਂ ਲੈ ਕੇ 28 ਸਤੰਬਰ 2008 ਦੇ ਦਰਮਿਆਨ ਦੇ ਤਿੰਨ ਸਾਲਾਂ ਨੂੰ, ਇਕ ਨਵੇਂ ਇਨਕਲਾਬ ਦਾ ਸੁਨੇਹਾ ਪੂਰੇ ਦੇਸ਼ ਦੀ ਲੋਕਾਈ ਤੱਕ ਪਹੁੰਚਾਉਣ ਵਾਲੀਆਂ ਇਨਕਲਾਬੀ ਸੰਕਲਪ ਯਾਤਰਾਵਾਂ ਰਾਹੀਂ ਇੱਕ ਇਨਕਲਾਬੀ ਨਵ ਜਾਗਰਣ ਦੇ ਤਿੰਨ ਇਤਿਹਾਸਕ ਸਾਲ ਬਣਾਉਣ ਲਈ ਅਸੀਂ ਦ੍ਰਿੜ ਸੰਕਲਪ ਹਾਂ। ਇਸ ਮੁਹਿੰਮ ਵਿਚ ਸੰਗੀ ਬਨਣ ਲਈ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ।

            ਭਗਤ ਸਿੰਘ ਦੀ ਬਹਾਦਰੀ ਅਤੇ ਕੁਰਬਾਨੀ ਤੋਂ ਪੂਰਾ ਦੇਸ਼ ਜਾਣੂ ਹੈ, ਪਰ ਇਸ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨ ਵੀ ਇਹ ਨਹੀਂ ਜਾਣਦੇ ਕਿ 23 ਸਾਲ ਦੀ ਛੋਟੀ ਜਿਹੀ ਉਮਰ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਇਹ ਜਾਂਬਾਜ਼ ਨੌਜਵਾਨ ਕਿੰਨਾ ਦੂਰਦਰਸ਼ੀ ਵਿਚਾਰਕ ਸੀ। ਇਹ ਸਾਡੇ ਲੋਕਾਂ ਦੀ ਬਦਕਿਸਮਤੀ ਹੈ ਅਤੇ ਹਾਕਮਾਂ ਦੀ ਸਾਜਿਸ਼ ਦਾ ਨਤੀਜਾ ਹੈ। ਹੁਣ ਇਹ ਸਾਡਾ ਕੰਮ ਹੈ ਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਈਏ। ਉਨ੍ਹਾਂ ਦੀ ਯਾਦ ਤੋਂ ਪ੍ਰੇਰਨਾ ਲਈਏ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਆਪਣੇ ਸਮੇਂ ਦੀਆਂ ਹਾਲਤਾਂ ਨੂੰ ਸਮਝੀਏ, ਨਵੇਂ ਇਨਕਲਾਬ ਦੀ ਦਿਸ਼ਾ ਤਹਿ ਕਰੀਏ ਅਤੇ ਫਿਰ ਉਸ ਰਾਹ ਉਪਰ ਦ੍ਰਿੜਤਾ ਨਾਲ ਅੱਗੇ ਵਧੀਏ।

            ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਲੇਖਾਂ, ਬਿਆਨਾਂ ਅਤੇ ਪਰਚਿਆਂ ਵਿਚ ਸਾਫ਼-ਸਾਫ਼ ਸ਼ਬਦਾਂ ਵਿਚ ਵਾਰ-ਵਾਰ ਇਹ ਕਿਹਾ ਸੀ ਕਿ ਉਹਨਾਂ ਦਾ ਉਦੇਸ਼ ਸਿਰਫ਼ ਬ੍ਰਿਟਿਸ਼ ਸਾਮਰਾਜੀਆਂ ਦੀ ਬਸਤੀਵਾਦੀ ਗੁਲਾਮੀ ਦਾ ਖ਼ਾਤਮਾਂ ਹੀ ਨਹੀਂ ਹੈ, ਸਗੋਂ ਉਹਨਾਂ ਦੀ ਲੜਾਈ ਸਾਮਰਾਜਵਾਦ ਅਤੇ ਦੇਸੀ ਪੂੰਜੀਵਾਦ ਵਿਰੁੱਧ ਲੰਬੇ ਇਤਿਹਾਸਿਕ ਸੰਘਰਸ਼ ਦੀ ਇੱਕ ਕੜੀ ਹੈ। ਉਹਨਾਂ ਨੇ ਉਸੇ ਸਮੇਂ ਚਿਤਾਵਨੀ ਦਿੱਤੀ ਸੀ ਕਿ ਕਾਂਗਰਸ ਵਿਸ਼ਾਲ ਕਿਰਤੀ ਲੋਕਾਈ ਦੀ ਤਾਕਤ ਦਾ ਇਸਤੇਮਾਲ ਕਰਕੇ ਹਕੂਮਤ ਦੀ ਵਾਗਡੋਰ ਦੇਸੀ ਪੂੰਜੀਪਤੀਆਂ ਦੇ ਹੱਥਾਂ ਵਿਚ ਸੌਪਣਾਂ ਚਾਹੁੰਦੀ ਹੈ ਅਤੇ ਉਸ ਦੀ ਲੜਾਈ ਦਾ ਅੰਤ ਸਾਮਰਾਜਵਾਦ ਨਾਲ ਸਮਝੋਤੇ ਦੇ ਰੂਪ ਵਿਚ ਹੀ ਹੋਵੇਗਾ। ਉਹਨਾਂ ਨੇ ਇਹ ਸਪੱਸ਼ਟ ਕੀਤਾ ਸੀ ਕਿ ਇਨਕਾਲਬੀ 10 ਫੀਸਦੀ ਥੈਲੀਸ਼ਾਹਾਂ ਲਈ ਨਹੀਂ, ਸਗੋਂ 90 ਫੀਸਦੀ ਲੋਕਾਂ ਲਈ ਆਜ਼ਾਦੀ ਅਤੇ ਜ਼ਮਹੂਰੀਅਤ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਸਾਮਰਾਜਵਾਦ -ਜਾਗੀਰਦਾਰੀ ਦੇ ਖਾਤਮੇ ਤੋਂ ਬਾਅਦ ਪੂੰਜੀਵਾਦ ਨੂੰ ਵੀ ਨਸ਼ਟ ਕਰਕੇ ਇੱਕ ਅਜਿਹਾ ਸਮਾਜਵਾਦੀ ਪ੍ਰਬੰਧ ਕਾਇਮ ਕਰਨਾ ਚਾਹੁੰਦੇ ਹਨ ਜਿਸ ਵਿਚ ਪੈਦਵਾਰ, ਰਾਜਭਾਗ ਅਤੇ ਸਮਾਜ ਦੇ ਢਾਂਚੇ ਉਪਰ ਆਮ ਕਿਰਤੀ ਲੋਕ ਕਾਬਜ ਹੋਣ।

           ਇਨਕਲਾਬੀਆਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ। ਇੱਕ ਅਧੂਰੀ, ਲੰਗੜੀ-ਲੂਲੀ ਆਜ਼ਾਦੀ ਤੋਂ ਬਾਅਦ, ਸਾਮਰਾਜਵਾਦ ਨਾਲ ਗੰਢ-ਤੁੱਪ ਕਰਦੇ ਹੋਏ ਦੇਸੀ ਪੂੰਜੀਵਾਦ ਦੀ ਜਾਬਰ ਹਕੂਮਤ ਦੀ ਪੰਜਾਲੀ ਨੂੰ ਢੋਂਦੇ-ਢੋਂਦੇ ਅੱਧੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਆਜ਼ਾਦੀ ਅਤੇ ਜਮਹੂਰੀਅਤ ਦਾ ਸਾਰਾ ਪਖੰਡ ਨੰਗਾ ਹੋ ਚੁੱਕਾ ਹੈ। ਮੁੱਠੀ ਭਰ ਪਰਜੀਵੀਆਂ ਦੀ ਜ਼ਿੰਦਗੀ ਵਿਚ ਚਮਕਦੀ ਰੌਸ਼ਨੀ ਦੇ ਬਰਕਸ ਆਮ ਲੋਕਾਂ ਦੀ ਜ਼ਿੰਦਗੀ ਦਾ ਹਨ੍ਹੇਰਾ ਵਧਦਾ ਗਿਆ ਹੈ। ਪਾਰਲੀਮਾਨੀ ਸਿਆਸੀ ਪਾਰਟੀਆਂ ਵਿੱਚ ਗੁੰਡਿਆਂ-ਅਪਰਾਧੀਆਂ ਦੀ ਘੁਸਪੈਠ ਜੱਗ ਜਾਹਰ ਹੋ ਚੁੱਕੀ ਹੈ ਅਤੇ ਦੇਸ਼ ਭਰ ਵਿੱਚ ਸਰਗਰਮ ਮਾਫੀਆ ਗਰੋਹਾਂ ਨੂੰ ਵੱਖ-ਵੱਖ ਪਾਰਲੀਮਾਨੀ ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਵੀ ਕਿਸੇ ਤੋਂ ਲੁਕੀ ਨਹੀਂ। ਹੁਣ ਰਸਤਾ ਸਿਰਫ਼ ਇੱਕ ਹੈ। ਬਦਲ ਸਿਰਫ ਇੱਕ ਹੈ। ਸਾਨੂੰ ਭਗਤ ਸਿੰਘ ਦੇ ਵਿਖਾਏ ਰਾਹ ਉਪਰ ਅੱਗੇ ਵਧਣ ਦਾ ਸੰਕਲਪ ਲੈਣਾ ਹੀ ਹੋਵੇਗਾ। ਇਸ ਲਈ ਅਸੀਂ ਭਾਰਤ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਹਾਂ, ''ਭਗਤ ਸਿੰਘ ਦੀ ਗੱਲ ਸੁਣੋ! ਨਵੀਂ ਕ੍ਰਾਂਤੀ ਦਾ ਰਾਹ ਚੁਣੋ।''

           ਭਗਤ ਸਿੰਘ ਦੇ ਵਿਚਾਰ ਦੁਮੇਲ ਉਪਰ ਲਗਾਤਾਰ ਬਲਦੀ ਮਸ਼ਾਲ ਵਾਂਗ ਸਾਨੂੰ ਦਿਸ਼ਾ ਵਿਖਾ ਰਹੇ ਹਨ। ਹੁਣ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਵਿਚ ਅਤੇ ਸਾਰੇ ਕਾਲਜਾਂ ਯੂਨੀਵਰਸਿਟੀਆਂ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਨਵੀਆਂ ਇਨਕਲਾਬੀ ਜਥੇਬੰਦੀਆਂ ਬਣਾਉਣੀਆਂ ਹੋਣਗੀਆਂ। ਉਹਨਾਂ ਨੂੰ ਵੋਟ ਮਦਾਰੀਆਂ ਦੀ ਪੂਛ ਬਣਨ ਤੋਂ ਬਚਣਾ ਹੋਵੇਗਾ। ਇਸ ਤੋਂ ਬਾਅਦ, ਜਿਵੇਂ ਕਿ ਜੇਲ੍ਹ ਦੀ ਕਾਲ ਕੋਠੜੀ ਚੋਂ ਨੋਜਵਾਨਾਂ ਨੂੰ ਭੇਜੇ ਗਏ ਆਪਣੇ ਸੁਨੇਹੇ ਵਿਚ ਭਗਤ ਸਿੰਘ ਨੇ ਕਿਹਾ ਸੀ, ''ਵਿਦਿਆਰਥੀਆਂ ਨੌਜਵਾਨਾਂ ਨੂੰ ਕਾਰਖਾਨਿਆਂ ਦੇ ਮਜ਼ਦੂਰਾਂ ਅਤੇ ਪਿੰਡਾਂ ਦੀਆਂ ਝੁੱਗੀਆਂ ਤੱਕ ਜਾਣਾ ਹੋਵੇਗਾ ਅਤੇ ਸਾਰੇ ਕਿਰਤੀ ਲੋਕਾਂ ਨੂੰ ਜੱਥੇਬੰਦ ਕਰਨਾ ਹੋਵੇਗਾ। ਇਹੋ ਸੁਨੇਹਾ ਲੈ ਕੇ ਅਸੀਂ ਇਸ ਦੇਸ਼ ਦੇ ਹਰ ਜਿਉਂਦੇ ਨੌਜਵਾਨ ਦਿਲ ਤੱਕ ਪਹੁੰਚਣਾ ਚਾਹੁੰਦੇ ਹਾਂ।

           ਸਾਥੀਓ! ਬੈਠੇ-ਬੈਠੇ ਸੋਚਦੇ ਰਹਿਣ ਨਾਲ ਤਾਂ ਹਰ ਰਾਹ ਮੁਸ਼ਕਿਲ ਲੱਗਦਾ ਹੈ। ਰਾਹ ਦੀਆਂ ਔਕੜਾਂ ਨੂੰ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਹੀ ਦੂਰ ਕੀਤਾ ਜਾ ਸਕਦਾ ਹੈ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਸੁਪਨਾਂ ਇੱਕ ਬਲਦਾ ਹੋਇਆ ਸਵਾਲ ਬਣ ਕੇ ਸਾਡੀਆਂ ਅੱਖਾਂ ਵਿਚ ਝਾਕ ਰਿਹਾ ਹੈ। ਉਹਨਾਂ ਦੀ ਵਿਰਾਸਤ ਸਾਨੂੰ ਲਲਕਾਰ ਰਹੀ ਹੈ ਅਤੇ ਭਵਿੱਖ ਸਾਨੂੰ ਆਵਾਜ਼ ਦੇ ਰਿਹਾ ਹੈ। ਇੱਕ ਜ਼ਿਉਂਦੀ ਕੌਮ ਦੇ ਨੌਜੁਆਨ ਇਸ ਦੀ ਅਣਸੁਣੀ ਨਹੀਂ ਕਰ ਸਕਦੇ। ਅਸੀਂ ਇੱਕ ਨਵੇਂ ਇਨਕਲਾਬ ਦੀ ਤਿਆਰੀ ਲਈ, ਇੱਕ ਨਵੇਂ ਇਨਕਲਾਬੀ ਨਵਜਾਗਰਣ ਦਾ ਸੁਨੇਹਾ ਪੂਰੇ ਦੇਸ਼ ਵਿਚ ਫੈਲਾਉਂਣ ਲਈ ਤੁਹਾਨੂੰ ਸੱਦਾ ਦਿੰਦੇ ਹਾਂ।
ਇਨਕਲਾਬੀ ਸ਼ੁਭ ਇਛਾਵਾਂ ਸਾਹਿਤ,
 ਨੌਜਵਾਨ ਭਾਰਤ ਸਭਾ



ਇਨਕਲਾਬੀ ਸੰਕਲਪ ਯਾਤਰਾ ਦੇ ਤਿੰਨ ਸਾਲਾਂ ਦੌਰਾਨ



      |ਇਨਕਲਾਬੀ ਵਿਦਿਆਰਥੀਆਂ-ਨੌਜਵਾਨਾਂ ਦੀਆਂ ਟੀਮਾਂ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਦਾ ਦੌਰਾ ਕਰਦੇ ਹੋਏ   ਦੇਸ਼ ਦੇ ਵੱਧ ਤੋਂ ਵੱਧ ਹਿੱਸੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ, ਵਿਦਿਆਰਥੀਆਂ ਨੌਜਵਾਨਾਂ ਅਤੇ ਆਮ ਲੋਕਾਂ   ਤੱਕ ਨਵੇਂ ਇਨਕਲਾਬ ਦਾ ਸੁਨੇਹਾ ਪਹੁੰਚਾਉਣਗੀਆਂ ਅਤੇ ਇੱਕ ਜੁੱਟ ਹੋ ਕੇ ਦੇਸ਼ ਵਿਆਪੀ ਨਵੀਂਆਂ ਇਨਕਲਾਬੀ   ਵਿਦਿਆਰਥੀ ਅਤੇ ਨੌਜਵਾਨਾਂ ਜਥੇਬੰਦੀਆਂ ਬਣਾਉਣ ਦਾ ਸੱਦਾ ਦੇਣਗੀਆਂ।

       |ਇਹ ਟੀਮਾਂ ਧਰਮ, ਜਾਤ, ਇਲਾਕੇ ਦੇ ਅਧਾਰ 'ਤੇ ਲੋਕਾਂ ਨੂੰ ਵੰਡਣ-ਲੜਾਉਣ ਵਾਲੀਆਂ ਪਾਰਟੀਆਂ/ਜਥੇਬੰਦੀਆਂ  ਤੋਂ ਛੁਟਕਾਰਾ ਪਾ ਕੇ ਨਵੇਂ ਇਨਕਲਾਬੀ ਸੰਘਰਸ਼ ਲਈ ਇੱਕ ਜੁੱਟ ਹੋਣ ਦਾ ਆਮ ਕਿਰਤੀ ਲੋਕਾਂ ਨੂੰ ਸੱਦਾ    ਦੇਣਗੀਆਂ, ਪਿੰਡਾਂ-ਸ਼ਹਿਰਾਂ ਅਤੇ ਕਾਲਜਾਂ-ਯੂਨੀਵਰਸਿਟੀਆਂ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ   ਇਨਕਲਾਬੀ ਜੱਥੇਬੰਦੀਆਂ ਬਣਾਉਣ ਦਾ ਕੰਮ ਵੀ ਨਾਲ-ਨਾਲ ਚਲਦਾ ਰਹੇਗਾ।

        |ਹਮਸਫਰ ਬਨਣ ਵਾਲੇ ਨੌਜਵਾਨਾਂ ਨੂੰ ਨਾਲ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਟੀਮਾਂ ਬਣਾਈਆਂ ਜਾਣਗੀਆਂ।

        |ਇਹਨਾਂ ਟੀਮਾਂ ਦੇ ਨਾਲ ਹੀ ਮੋਬਾਈਲ ਸੱਭਿਆਚਾਰਕ ਦਸਤੇ ਵੀ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨਗੇ।

        |ਇਸ ਮੁਹਿੰਮ ਦੇ ਸਮਰਥਕ ਨਾਗਰਿਕਾਂ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ   ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਦਸਤਾਵੇਜਾਂ ਦਾ ਪ੍ਰਕਾਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ    ਇਨਕਲਾਬੀ ਵਿਚਾਰਾਂ, ਇਨਕਲਾਬੀ ਇਤਿਹਾਸ ਅਤੇ ਦੇਸ਼ ਦੀ ਮੌਜੂਦਾ ਭੈੜੀ ਹਾਲਤ ਦੇ ਕਾਰਨਾਂ ਤੋਂ ਜਾਣੂ   ਕਰਵਾਉਣ ਵਾਲਾ     ਸਾਹਿਤ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਕੰਮ ਵਿਚ ਰਾਹੁਲ ਫ਼ਾਂਉਡੇਸ਼ਨ, ਪਰਿਕਲਪਨਾ   ਪ੍ਰਕਾਸ਼ਨ, ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਅਤੇ ਦਸਤਕ ਪ੍ਰਕਾਸ਼ਨ ਸਾਡੇ ਸਹਿਯੋਗੀ ਹੋਣਗੇ।

       |ਇਸ ਵਿਸ਼ੇਸ਼ ਮੌਕੇ ਤੇ ਯਾਦ ਚਿੰਨ੍ਹਾਂ ਦੇ ਰੂਪ ਵਿਚ ਪੋਸਟਰ, ਕੈਲੰਡਰ, ਫੋਟੋਕਾਰਡਾਂ ਦਾ ਸੈਟ, ਸਟਿੱਕਰ, ਡਾਇਰੀ ਆਦਿ ਪ੍ਰਕਾਸ਼ਿਤ ਕੀਤੇ ਜਾਣਗੇ।

       |ਸਿੱਖਿਆ ਸੰਸਥਾਵਾਂ ਅਤੇ ਬੌਧਿਕ ਸੱਭਿਆਚਾਰਕ ਕੇਂਦਰਾਂ ਵਿਚ ਵਿਚਾਰ ਗੋਸ਼ਠੀਆਂ ਜੱਥੇਬੰਦ ਕੀਤੀਆਂ ਜਾਣਗੀਆਂ।

       |ਇਨਕਲਾਬੀ ਸੰਕਲਪ ਯਾਤਰਾ ਦੀ ਉਦੇਸ਼ ਪੂਰਤੀ ਦੇ ਨਜ਼ਰੀਏ ਤੋਂ ਉਪਯੋਗੀ ਸੁਝਾਵਾਂ ਦੇ ਆਧਾਰ ਤੇ ਹੋਰ ਪ੍ਰੋਗਰਾਮ ਵੀ ਹੱਥ ਲਏ ਜਾ ਸਕਦੇ ਹਨ।