ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਯਾਦ ਵਿੱਚ ਇਨਕਲਾਬੀ ਨਾਟਕ ਅਤੇ ਕਨਫਰੰਸ

ਇਨਕਲਾਬ ਜ਼ਿੰਦਾਬਾਦ                               ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਮਰ ਰਹਿਣ
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ 
ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ 
ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਯਾਦ ਵਿੱਚ ਇਨਕਲਾਬੀ ਨਾਟਕ ਅਤੇ ਕਨਫਰੰਸ

ਪਿਆਰੇ ਲੋਕੋ, 
ਆਉਣ ਵਾਲ਼ੀ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 79ਵਾਂ ਸ਼ਹੀਦੀ ਦਿਹਾੜਾ ਹੈ। ਅੱਜ ਤੋਂ ਲਗਭਗ 79 ਵਰ੍ਹੇ ਪਹਿਲਾਂ ਅੰਗਰੇਜ਼ ਹਕੂਮਤ ਨੇ ਇਹਨਾਂ ਮਹਾਨ ਸੂਰਬੀਰਾਂ ਨੂੰ ਫਾਂਸੀ ਚੜ੍ਹਾਕੇ, ਉਨ੍ਹਾ ਦੀਆਂ ਅੱਧ ਜਲ਼ੀਆਂ ਲਾਸ਼ਾਂ ਨੂੰ ਹੁਸੈਨੀਵਾਲ਼ਾ ਵਿਖੇ ਸਤਲੁਜ ਵਿੱਚ ਵਹਾ ਦਿੱਤਾ ਸੀ। ਗੋਰੇ ਹਾਕਮਾਂ ਨੇ ਸੋਚਿਆ ਸੀ ਕਿ ਇਨ੍ਹਾਂ ਸੂਰਬੀਰਾਂ ਦੀ ਮੌਤ ਦੇ ਨਾਲ਼ ਹੀ ਇਹਨਾਂ ਦੇ ਵਿਚਾਰਾਂ ਨੂੰ ਵੀ ਹਮੇਸ਼ਾ ਲਈ ਦਫ਼ਨ ਕਰ ਦਿੱਤਾ ਜਾਵੇਗਾ। ਪਰ ਗੋਰੇ ਹਾਕਮਾਂ ਦੇ ਮਨਸੂਬੇ ਪੂਰੇ ਨਾ ਹੋਏ। ਇਹਨਾਂ ਮਹਾਨ ਸ਼ਹੀਦਾਂ ਦੁਆਰਾ ਗੂੰਜਾਇਆ ਇਨਕਲਾਬ-ਜ਼ਿੰਦਾਬਾਦ ਦਾ ਨਾਹਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਗੂੰਜਣ ਲੱਗਾ ਅਤੇ ਅੱਜ ਵੀ ਗੂੰਜ ਰਿਹਾ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ ਭਾਰਤੀ ਇਨਕਲਾਬ ਦਾ ਪ੍ਰਤੀਕ ਚਿੰਨ੍ਹ ਬਣ ਗਏ। 1947 ਵਿੱਚ ਦਿੱਲੀ ਦੇ ਤਖਤ 'ਤੇ ਕਾਬਜ਼ ਹੋਏ ਨਵੇਂ ਹਾਕਮਾਂ ਲਈ ਵੀ ਇਹਨਾਂ ਮਹਾਨ ਸ਼ਹੀਦਾਂ ਦੇ ਵਿਚਾਰ ਉਨੇ ਹੀ ਖਤਰਨਾਕ ਸਨ ਜਿੰਨੇ ਕਿ ਗੋਰੇ ਹਾਕਮਾਂ ਲਈ। ਹਰ ਤਰਾਂ ਦੀ ਲੁੱਟ-ਜ਼ਬਰ ਤੋਂ ਰਹਿਤ ਇੱਕ ਬਰਾਬਰੀ ਅਧਾਰਤ ਭਾਰਤ ਦੀ ਸਿਰਜਣਾ ਸਾਡੇ ਮਹਾਨ ਸ਼ਹੀਦਾਂ ਦਾ ਸੁਪਨਾ ਸੀ। ਉਹਨਾਂ ਲਿਖਿਆ ਸੀ, ''ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤਦ ਤੱਕ ਚੱਲਦਾ ਰਹੇਗਾ, ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਕਿਰਤੀ ਲੋਕਾਂ ਨੂੰ ਅਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਵੇਂ ਰਲਵੇਂ... ਇਸ ਨਾਲ਼ ਸਾਨੂੰ ਕੋਈ ਫਰਕ ਨਹੀਂ ਪਏਗਾ।... ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ ਉਸ ਦੀ ਥਾਂ 'ਤੇ ਖੁਸ਼ਹਾਲੀ 'ਤੇ ਅਧਾਰਤ ਨਵਾਂ ਸਮਾਜਕ ਢਾਂਚਾ ਨਹੀਂ ਉੱਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਖਸੁੱਟ ਅਸੰਭਵ ਬਣਾ ਕੇ ਮਨੁੱਖਤਾ 'ਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ਼ ਲੜੀ ਜਾਂਦੀ ਰਹੇਗੀ।''
1947 ਵਿੱਚ ਅਜ਼ਾਦੀ ਦੇ ਨਾਂ 'ਤੇ ਬੱਸ ਹਾਕਮਾਂ ਦੀ ਚਮੜੀ ਦਾ ਰੰਗ ਹੀ ਬਦਲਿਆ। ''ਗੋਰੀ ਬੁਰਾਈ ਦੀ ਥਾਂ ਕਾਲ਼ੀ ਬੁਰਾਈ'' ਨੇ ਲੈ ਲਈ। ਭਾਰਤ ਦੇ ਕਿਰਤੀ ਲੋਕਾਂ ਦੇ ਦੁੱਖਾਂ ਮੁਸੀਬਤਾਂ ਦਾ ਅੰਤ ਨਾ ਹੋਇਆ। ਦੇਸੀ ਹਾਕਮਾਂ ਨੇ ਇਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲ਼ਣ, ਉਹਨਾਂ ਦੇ ਵਿਚਾਰਾਂ ਨੂੰ ਲੋਕਾਂ ਤੋਂ ਲੁਕਾਉਣ, ਲੋਕ ਮਨਾਂ 'ਚੋਂ ਉਹਨਾਂ ਦੀ ਯਾਦਾਂ ਨੂੰ ਮਿਟਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ। 
ਅੱਜ ਦੇਸ਼ ਨੂੰ ਅਜ਼ਾਦ ਹੋਇਆਂ 60 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ। ਪਰ ਭਾਰਤ ਦੇ ਕਿਰਤੀ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਆਈ ਹੈ। ਦੇਸ਼ ਦੇ ਅੱਸੀ ਫੀਸਦੀ ਲੋਕ ਅੱਤ ਦੀ ਗਰੀਬੀ 'ਚ ਜੀ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਦੇ 87 ਕਰੋੜ ਲੋਕ ਰੋਜ਼ਾਨਾ 20 ਰੁਪਏ ਉੱਪਰ ਗੁਜ਼ਾਰਾ ਕਰ ਰਹੇ ਹਨ। ਇਸ ਗਰੀਬੀ ਦੇ ਮਹਾਂਸਾਗਰ ਵਿੱਚ ਵਸੇ ਕੁਝ ਅੱਯਾਸ਼ੀ ਦੇ ਟਾਪੂਆਂ 'ਤੇ ਵਸਦੇ ਮੁੱਠੀ ਭਰ ਅਮੀਰਜ਼ਾਦੇ ਦੇਸ਼ ਦੇ ਕਰੋੜਾਂ ਕਿਰਤੀ ਲੋਕਾਂ ਦੀ ਕਮਾਈ ਡਕਾਰ ਜਾਂਦੇ ਹਨ।
ਦੇਸ਼ ਦੀ ਇੱਕ ਤਿਹਾਈ ਵਸੋਂ ਬੇਰੁਜ਼ਗਾਰੀ-ਅਰਧ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੀ ਹੈ। ਕਰੋੜਾਂ ਪੜ੍ਹੇ ਲਿਖੇ ਨੌਜਵਾਨਾਂ ਦਾ ਭਵਿੱਖ ਹਨ੍ਹੇਰਾ ਹੈ। ਰੁਜ਼ਗਾਰ ਦੀ ਤਲਾਸ਼ ਵਿੱਚ ਸੜਕਾਂ ਤੇ ਧੂੜ ਫੱਕਦੇ ਹੀ ਨੌਜਵਾਨ ਪੀੜ੍ਹੀ ਉਮਰੋਂ ਪਹਿਲਾਂ ਹੀ ਬੁੱਢੀ ਹੋ ਜਾਂਦੀ ਹੈ। 
ਵਰਤਮਾਨ ਸਮਾਂ ਸੰਸਾਰ ਵਿਆਪੀ ਆਰਥਿਕ ਮੰਦਵਾੜੇ ਦਾ ਸਮਾਂ ਹੈ। ਸਾਡਾ ਦੇਸ਼ ਵੀ ਇਸ ਮੰਦਵਾੜੇ ਦੀ ਚਪੇਟ ਵਿੱਚ ਲਗਾਤਾਰ ਧੂਹਿਆ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਦੋ-ਤਿੰਨ ਮਹੀਨਿਆਂ 'ਚ 5 ਲੱਖ ਲੋਕਾਂ ਦੀ ਨੌਕਰੀ ਖੁੱਸ ਚੁੱਕੀ ਹੈ। ਆਉਣ ਵਾਲ਼ੇ ਦਿਨਾਂ ਵਿੱਚ 1 ਕਰੋੜ ਲੋਕਾਂ ਦੀ ਨੌਕਰੀ ਖੁੱਸਣ ਦਾ ਖਤਰਾ ਹੈ। ਵਿਦੇਸ਼ਾਂ ਵਿੱਚ ਕੰਮ ਕਰਦੇ ਭਾਰਤੀ ਲੋਕਾਂ ਦੀ ਵੀ ਵੱਡੀ ਪੱਧਰ 'ਤੇ ਛਾਂਟੀ ਹੋ ਰਹੀ ਹੈ ਅਤੇ ਉਹ ਵੀ ਦੇਸ਼ ਵੱਲ ਵਹੀਰਾਂ ਘੱਤ ਰਹੇ ਹਨ। ਆਉਣ ਵਾਲ਼ੇ ਦਿਨਾਂ ਵਿੱਚ ਦੇਸ਼ ਦੇ ਕਿਰਤੀ ਲੋਕਾਂ ਦਾ ਜੀਣਾ ਹੋਰ ਵੀ ਦੁੱਭਰ ਹੋਵੇਗਾ। 
ਦੇਸ਼ ਵਿੱਚ ਚੱਲ ਰਿਹਾ ਪੂੰਜੀਵਾਦੀ ਢਾਂਚਾ ਆਰਥਿਕ, ਰਾਜਨੀਤਕ, ਸਮਾਜਿਕ, ਸੱਭਆਚਾਰਕ ਹਰ ਪੱਖ ਤੋਂ ਗਲ਼ ਸੜ ਚੁੱਕਿਆ ਹੈ। ਇਹ ਦੇਸ਼ ਦੇ ਕਿਰਤੀ ਲੋਕਾਂ ਦੇ ਮੋਢਿਆਂ 'ਤੇ ਲੱਦਿਆ ਫਾਲਤੂ ਦਾ ਬੋਝ ਹੈ। ਇਸ ਪੂੰਜੀਵਾਦੀ ਢਾਂਚੇ ਨੂੰ ਢਹਿ-ਢੇਰੀ ਕੀਤੇ ਬਿਨਾ ਇਸ ਦੇਸ਼ ਦੇ ਕਿਰਤੀ ਲੋਕਾਂ ਦੀ ਬੰਦ ਖਲਾਸੀ ਨਹੀਂ ਹੋ ਸਕਦੀ। 
ਆਓ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ 79ਵੇਂ ਸ਼ਹੀਦੀ ਦਿਹਾੜੇ 'ਤੇ ਇਸ ਲੁਟੇਰੇ ਪੂੰਜੀਵਾਦੀ ਢਾਂਚੇ ਨੂੰ ਬਦਲਕੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜਵਾਦੀ ਭਾਰਤ ਦੀ ਉਸਾਰੀ ਦਾ ਪ੍ਰਣ ਕਰੀਏ ਅਤੇ ਇਸ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜ਼ਰਬਾਂ ਦੇਈਏ।

22 ਮਾਰਚ 2009 (ਦਿਨ ਐਤਵਾਰ) ਨੂੰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ 79ਵੇਂ 
ਸ਼ਹਾਦਤ ਦਿਵਸ
ਮੌਕੇ ਹੋ ਰਹੇ ਇਨਕਲਾਬੀ ਨਾਟਕ ਅਤੇ ਕਨਫਰੰਸ ਵਿੱਚ ਹੁੰਮ ਹੁਮਾ ਕੇ ਪਹੁੰਚੋ
 ਸਥਾਨ —  ਅੰਬੇਡਕਰ ਚੌਕ, ਨੇੜੇ ਨਿਸ਼ਕਾਮ ਵਿਦਿਆ ਮੰਦਿਰ, ਈ. ਡਬਲਿਊ. ਐਸ ਕਲੋਨੀ
   (ਵਰਧਮਾਨ ਮਿੱਲ ਦੇ ਪਿੱਛੇ), ਚੰਡੀਗੜ ਰੋਡ, ਲੁਧਿਆਣਾ
 ਸਮਾਂ —  ਸਵੇਰੇ 10 ਵਜੇ

ਕਾਰਖਾਨਾ ਮਜ਼ਦੂਰ ਯੂਨੀਅਨ, ਲੁਧਿਆਣਾ
ਨੌਜਵਾਨ ਭਾਰਤ ਸਭਾ