ਇਨਕਲਾਬੀ ਲੋਕ ਸਵਰਾਜ ਦਾ ਝੰਡਾ ਉੱਚਾ ਲਹਿਰਾਓ!!

ਅਜ਼ਾਦੀ ਮੁਨਾਫ਼ਾਖੋਰ ਲੁਟੇਰਿਆਂ ਲਈ! ਲੋਕਤੰਤਰ ਚੋਰਾਂ-ਮੁਫ਼ਤਖੋਰਾਂ ਲਈ!!
ਇੱਕੋ ਹੀ ਬਦਲ—ਇੱਕੋ ਹੀ ਰਾਹ
ਨਵੇਂ ਇਨਕਲਾਬ ਦੀ ਮਸ਼ਾਲ ਜਗਾਓ!
ਇਨਕਲਾਬੀ ਲੋਕ ਸਵਰਾਜ ਦਾ ਝੰਡਾ ਉੱਚਾ ਲਹਿਰਾਓ!!
15 ਅਗਸਤ, 1947 ਦੀ ਜਿਸ ਅਜ਼ਾਦੀ ਨੂੰ ਮਸ਼ਹੂਰ ਸ਼ਾਇਰ ਫੈਜ਼ ਨੇ 'ਦਾਗ-ਦਾਗ ਉਜਾਲਾ' ਕਿਹਾ ਸੀ, ਉਹ ਅੱਧੀ ਸਦੀ ਬੀਤਦੇ-ਬੀਤਦੇ ਭਾਦੋਂ ਦੀ ਮੱਸਿਆ ਦੀ ਕਾਲ਼ੀ ਰਾਤ ਵਿੱਚ ਤਬਦੀਲ ਹੋ ਚੁੱਕੀ ਹੈ। ਦੇਸ਼ ਸੜ ਰਿਹਾ ਹੈ। ਜ਼ਾਲਮ ਨੀਰੋ ਦੀਆਂ ਭਾਰਤੀ ਔਲਾਦਾਂ ਬੰਸਰੀ ਵਜਾ ਰਹੀਆਂ ਹਨ।
ਇਤਿਹਾਸ ਦੇ ਇਸ ਮੁਸ਼ਕਿਲ ਦੌਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਅਸੀਂ ਇਨਸਾਨੀਅਤ ਦੀ ਰੂਹ ਵਿੱਚ ਹਰਕਤ ਪੈਦਾ ਕਰਨ ਲਈ ਇੱਕ ਵਾਰ ਫਿਰ ਇਨਕਲਾਬ ਦੀ ਸਪਿਰਟ ਨੂੰ ਤਾਜ਼ਾ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਦੇਸੀ-ਵਿਦੇਸ਼ੀ ਪੂੰਜੀਪਤੀਆਂ ਦੇ ਜ਼ਾਬਰ ਲੁੱਟਤੰਤਰ ਨੂੰ ਤਬਾਹ-ਬਰਬਾਦ ਕਰਕੇ ਹਿੰਦ ਮਹਾਂਸਾਗਰ ਵਿੱਚ ਸੁੱਟ ਦੇਣ ਲਈ ਅਤੇ ਉਤਪਾਦਨ, ਰਾਜਕੀ ਪ੍ਰਬੰਧ ਅਤੇ ਸਮਾਜ ਦੇ ਪੂਰੇ ਢਾਂਚੇ ਉੱਤੇ ਅੱਗੇ ਵੱਧ ਕੇ ਕਬਜ਼ਾ ਕਰ ਲੈਣ ਲਈ ਕਿਰਤੀ ਲੋਕਾਂ ਨੂੰ ਆਵਾਜ਼ ਦਿੰਦੇ ਹਾਂ ਅਤੇ ਇਨਕਲਾਬੀ ਲੋਕ ਸਵਰਾਜ ਦਾ ਨਾਅਰਾ ਬੁਲੰਦ ਕਰਦੇ ਹਾਂ।
ਸਾਡਾ ਮੰਨਣਾ ਹੈ ਕਿ ਸਭ ਕੁੱਝ ਨਵੇਂ ਸਿਰੇ ਤੋਂ ਕਰਨਾ ਹੋਵੇਗਾ। ਕਿਰਤੀ ਲੋਕਾਂ ਦੇ ਰਾਜ ਅਤੇ ਬਰਾਬਰੀ 'ਤੇ ਅਧਾਰਿਤ ਸਮਾਜ ਦੀ ਉਸਾਰੀ ਦੇ ਪ੍ਰਾਜੈਕਟਾਂ ਨੂੰ ਮੁੜ ਜੀਵਿਤ ਕਰਨਾ ਹੋਵੇਗਾ। ਬੀਤੇ ਚਾਰ ਦਹਾਕਿਆਂ ਦੌਰਾਨ ਕਿਰਤੀਆਂ ਦੇ ਇਨਕਲਾਬਾਂ ਦਾ ਕਾਫਲਾ ਰੁਕ ਜਿਹਾ ਗਿਆ ਹੈ ਅਤੇ ਭਟਕਿਆ, ਖਿੰਡਿਆ ਵੀ ਹੈ। ਪੂੰਜੀਵਾਦੀ ਲੁੱਟ ਅਤੇ ਹਕੂਮਤ ਦੇ ਤੌਰ-ਤਰੀਕਿਆਂ ਵਿੱਚ ਵੀ ਮਹੱਤਵਪੂਰਨ ਬਦਲਾਅ ਆਏ ਹਨ। ਉਨ੍ਹਾਂ ਨੂੰ ਸਮਝਣਾ ਹੋਵੇਗਾ ਅਤੇ ਨਵੇਂ ਇਨਕਲਾਬਾਂ ਦਾ ਰਾਹ ਲੱਭਣਾ ਹੋਵੇਗਾ। ਇਹ ਮੁਸ਼ਕਿਲ ਹੈ ਪਰ ਨਾਮੁਮਕਿਨ ਨਹੀਂ, ਹਰ ਨਵਾਂ ਕੰਮ ਮੁਸ਼ਕਿਲ ਲੱਗਦਾ ਹੈ। ਹਰ ਨਵੀਂ ਸ਼ੁਰੂਆਤ ਮਜ਼ਬੂਤ ਸੰਕਲਪਾਂ ਦੀ ਮੰਗ ਕਰਦੀ ਹੈ। ਇਤਿਹਾਸ ਦੇ ਹਜ਼ਾਰਾਂ ਸਾਲਾਂ ਦੇ ਸਫ਼ਰ ਦਾ ਇਹ ਸਬਕ ਹੈ ਅਤੇ ਪੂੰਜੀਵਾਦੀ ਲੁੱਟਤੰਤਰ ਦੇ ਨਾਮੁਰਾਦ ਸੰਕਟਾਂ ਅਤੇ ਲਾਇਲਾਜ ਬੀਮਾਰੀਆਂ ਨੂੰ ਵੇਖਦੇ ਹੋਏ ਇਹ ਦਾਅਵੇ ਨਾਲ਼ ਕਿਹਾ ਜਾ ਸਕਦਾ ਹੈ ਕਿ ਹਾਰ ਝੱਲਣ ਤੋਂ ਬਾਅਦ ਇਨਕਲਾਬ ਫਿਰ ਨੇਪਰੇ ਚੜ੍ਹਨਗੇ। ਇਹ ਨਵੀਂ ਸਦੀ ਫ਼ੈਸਲਾਕੁੰਨ ਇਨਕਲਾਬਾਂ ਦੀ ਸਦੀ ਹੋਵੇਗੀ।
ਇਹ ਸਾਡਾ ਦ੍ਰਿੜ ਵਿਸ਼ਵਾਸ ਹੈ ਅਤੇ ਵਿਸ਼ਵਾਸ ਦੇ ਅਨੇਕਾਂ ਕਾਰਨ ਹਨ ਕਿ ਭਾਰਤ ਦੇ ਕਿਰਤੀ ਲੋਕ ਵੀ ਇਸ ਨਵੇਂ ਸੰਸਾਰ ਇਤਿਹਾਸਕ ਮਹਾਂਯੁੱਧ ਵਿੱਚ ਪਿੱਛੇ ਨਹੀਂ ਰਹਿਣਗੇ ਸਗੋਂ ਮੂਹਰਲੀਆਂ ਸਫਾਂ ਵਿੱਚ ਹੋਣਗੇ। 85 ਫੀਸਦੀ ਲੋਕਾਂ ਦੇ ਦੁੱਖਾਂ ਅਤੇ ਬਰਬਾਦੀਆਂ ਦੇ ਮਹਾਂਸਾਗਰ ਵਿੱਚ 15 ਫੀਸਦੀ ਲੋਕਾਂ ਦੀ ਖੁਸ਼ਹਾਲੀ ਦੇ ਟਾਪੂ ਅਤੇ ਉਸ ਉੱਪਰ ਖੜ੍ਹੇ ਅੱਯਾਸ਼ੀ ਦੇ ਮੀਨਾਰ ਹਮੇਸ਼ਾਂ ਕਾਇਮ ਨਹੀਂ ਰਹਿ ਸਕਦੇ। ਇਹ ਤੂਫਾਨ ਦੀ ਆਮਦ ਤੋਂ ਪਹਿਲਾਂ ਦਾ ਸੱਨਾਟਾ ਹੈ। ਇਹੋ ਕਾਰਨ ਹੈ ਕਿ ਹਾਕਮ ਬੇਚੈਨ ਹਨ। ਤਰ੍ਹਾਂ-ਤਰ੍ਹਾਂ ਦੇ ਕਾਲ਼ੇ ਕਾਨੂੰਨ ਬਣਾ ਕੇ, ਪੁਲਿਸ ਫ਼ੌਜ ਦੇ ਦੰਦ ਤਿੱਖੇ ਕਰਕੇ ਨਿਸ਼ਚਿੰਤ ਹੋਣਾ ਲੋਚਦੇ ਹਨ, ਪਰ ਹੋ ਨਹੀਂ ਪਾ ਰਹੇ। ਉਨ੍ਹਾਂ ਨੂੰ ਲੱਗਣ ਲੱਗਿਆ ਹੈ ਕਿ ਆਮ ਲੋਕਾਂ ਨੂੰ ਵੰਡਣ-ਵਰਗਲਾਉਣ ਲਈ ਉਛਾਲ਼ੇ ਜਾਣ ਵਾਲ਼ੇ ਮੁੱਦੇ ਹੁਣ ਬਹੁਤ ਦਿਨਾਂ ਤੱਕ ਕੰਮ ਨਹੀਂ ਆਉਣਗੇ। ਪੂੰਜੀਵਾਦੀ ਲੋਕਤੰਤਰ ਦੀ ਸਫੇਦੀ ਚਾਰੋਂ-ਪਾਸਿਓਂ ਉੱਤਰ ਰਹੀ ਹੈ। ਨਵਾਂ ਰੰਗ-ਰੋਗਨ ਟਿਕਦਾ ਨਹੀਂ। ਇਸ ਲਈ ਭਾਰਤ ਦੀ ਪੂੰਜੀਵਾਦੀ ਰਾਜਸੱਤ੍ਹਾ ਫਾਸਿਸਟ ਨਿਰੰਕੁਸ਼ਸ਼ਾਹੀ ਵੱਲ ਖਿਸਕਦੀ ਜਾ ਰਹੀ ਹੈ।
ਇਸ ਲਈ ਇਨਕਲਾਬੀ ਲੋਕ ਸਵਰਾਜ ਮੁਹਿੰਮ ਦੇ ਜ਼ਰੀਏ ਅਸੀਂ ਇਤਿਹਾਸ ਨੂੰ ਘੜਨ ਵਾਲ਼ੇ ਅਤੇ ਆਪਣੇ ਤਾਕਤਵਰ ਹੱਥਾਂ ਨਾਲ਼ ਸਮੇਂ ਦੇ ਪ੍ਰਵਾਹ ਨੂੰ ਮੋੜ ਦੇਣ ਵਾਲ਼ੇ ਕਿਰਤੀ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਦੀ ਅਣਖ ਨੂੰ ਲਲਕਾਰ ਰਹੇ ਹਾਂ ਅਤੇ ਇੱਕ ਨਵੀਂ ਮੁਸ਼ਕਿਲ ਅਤੇ ਫ਼ੈਸਲਾਕੁੰਨ ਲੜਾਈ ਦੀ ਤਿਆਰੀ ਵਿੱਚ ਸ਼ਾਮਲ ਹੋਣ ਲਈ, ਉਹਨਾਂ ਸਾਰੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ, ਜਿਨ੍ਹਾਂ ਦੀਆਂ ਆਤਮਾਵਾਂ ਜਵਾਨ ਹਨ, ਜੋ ਸੱਚੇ ਅਰਥਾਂ ਵਿੱਚ ਜਿਊਂਦੇ ਹਨ।
                ਵਧਦੀ ਲੁੱਟ, ਨੁੱਚੜਦੀ ਜਨਤਾ—ਤਬਾਹੀ ਦੇ ਮਹਾਂਸਾਗਰ ਵਿੱਚ ਅੱਯਾਸ਼ੀ ਦੇ ਟਾਪੂ
ਇਸ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜੀ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ-ਨੌਜਵਾਨਾਂ ਨੇ, ਪਰ ਛਲ-ਕਪਟ ਨਾਲ਼ ਅਤੇ ਇਨਕਲਾਬੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ-ਗਲਤੀਆਂ ਦਾ ਫਾਇਦਾ ਲੈ ਕੇ ਦੇਸੀ ਪੂੰਜੀਪਤੀਆਂ ਦੇ ਨੁਮਾਇੰਦੇ ਉਤਪਾਦਨ, ਰਾਜ ਭਾਗ ਅਤੇ ਸਮਾਜ ਦੇ ਪੂਰੇ ਢਾਂਚੇ 'ਤੇ ਕਾਬਜ਼ ਹੋ ਗਏ।
ਸਮਾਜਵਾਦ ਦਾ ਨਾਅਰਾ ਬੁਲੰਦ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਨਚੋੜ ਕੇ ਪਬਲਿਕ ਸੈਕਟਰ ਵਿੱਚ ਉਦਯੋਗਾਂ ਦਾ ਵਿਸ਼ਾਲ ਢਾਂਚਾ ਖੜ੍ਹਾ ਕੀਤਾ ਜਿਸ ਵਿੱਚ ਮਜ਼ਦੂਰਾਂ ਨੂੰ ਚੂਸ ਕੇ, ਅਫ਼ਸਰਸ਼ਾਹੀ, ਨੇਤਾਸ਼ਾਹੀ ਨੂੰ ਐਸ਼ੋ-ਅਰਾਮ ਦੇ ਸਾਧਨ ਤੇ ਮੌਕੇ ਮੁਹੱਈਆ ਕਰਵਾਏ ਗਏ ਅਤੇ ਪੂੰਜੀ ਦਾ ਅੰਬਾਰ ਇਕੱਠਾ ਕੀਤਾ ਗਿਆ। ਨਾਲ਼ ਹੀ ਵਿਦੇਸ਼ੀ ਪੂੰਜੀ ਨੂੰ ਵੀ ਲੁੱਟ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਦੇਸੀ ਪੂੰਜੀਪਤੀ ਲੁਟੇਰਿਆਂ ਦੇ ਜੂਨੀਅਰ ਪਾਰਟਨਰਾਂ ਦੇ ਰੂਪ ਵਿੱਚ ਸਾਬਕਾ ਜਗੀਰਦਾਰ ਵੀ ਕਤਾਰ ਵਿੱਚ ਸ਼ਾਮਲ ਹੋ ਗਏ, ਜੋ ਆਪਣੇ ਤੌਰ-ਤਰੀਕੇ ਬਦਲਕੇ, ਹੁਣ ਪੂੰਜੀਵਾਦੀ ਭੂਮੀਪਤੀ ਬਣ ਚੁੱਕੇ ਹਨ ਅਤੇ ਉਹ ਸਾਬਕਾ ਧਨੀ ਕਾਸ਼ਤਕਾਰ ਵੀ, ਜੋ ਹੁਣ ਜ਼ਮੀਨ ਮਾਲਕ ਕੁਲਕ ਅਤੇ ਫਾਰਮਰ ਬਣ ਚੁੱਕੇ ਹਨ। ਇਨ੍ਹਾਂ ਦੇ ਨਾਲ਼ ਹੀ ਵਪਾਰੀਆਂ, ਠੇਕੇਦਾਰਾਂ, ਉੱਚ ਮੱਧਵਰਗੀ ਬੁੱਧੀਜੀਵੀਆਂ, ਅਫਸਰਾਂ, ਨੇਤਾਵਾਂ, ਦਲਾਲਾਂ ਅਤੇ ਕਾਲ਼ੇ ਧਨ ਵਾਲਿਆਂ ਦੀ ਲੰਬੀ ਚੌੜੀ ਪਰਜੀਵੀ ਜਮਾਤ ਵੀ ਖੂਬ ਵਧਦੀ ਫੁਲਦੀ ਰਹੀ ਹੈ। ਸਾਰੀ ਸੰਪਤੀ ਪੈਦਾ ਕਰਨ ਵਾਲ਼ੇ ਲੋਕਾਂ ਨੂੰ ਸਿਰਫ ਜੂਠ ਹੀ ਨਸੀਬ ਹੋਈ ਹੈ।
'ਸਮਾਜਵਾਦ' ਦਾ ਗੁਬਾਰਾ ਜਦੋਂ ਫੁੱਸ ਹੋ ਗਿਆ ਅਤੇ ਦੇਸੀ ਪੂੰਜੀਵਾਦੀ ਢਾਂਚੇ ਦਾ ਚੌਤਰਫਾ ਸੰਕਟ ਲਾਇਲਾਜ ਹੋ ਗਿਆ ਤਾਂ ਆਪਣੇ ਲੁੱਟਤੰਤਰ ਨੂੰ ਚਲਾਉਣ ਲਈ ਹਾਕਮਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਪਾਰਟੀਆਂ ਨੇ ਇੱਥੋਂ ਤੱਕ ਕਿ ਨਕਲੀ ਖੱਬੇ ਪੱਖੀਆਂ ਨੇ ਵੀ, ਆਮ ਸਹਿਮਤੀ ਨਾਲ਼ 17 ਸਾਲ ਪਹਿਲਾਂ ਉਦਾਰੀਕਰਨ ਅਤੇ ਨਿੱਜੀਕਰਨ ਦਾ ਰਾਹ ਫੜਿਆ ਅਤੇ ਲੋਕਾਂ ਦੇ ਖੂਨ-ਪਸੀਨੇ ਨਾਲ਼ ਖੜ੍ਹੇ ਰਾਜਕੀ ਉਦਯੋਗਾਂ ਨੂੰ ਦੇਸੀ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣਾ ਸ਼ੁਰੂ ਕਰ ਦਿੱਤਾ। ਆਰਥਿਕਤਾ ਨੂੰ ਸਾਮਰਾਜੀਆਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ। ਨਾਲ਼ ਹੀ ਵਿਦੇਸ਼ੀ ਕਰਜ਼ੇ ਦੇ ਵਿਆਜ ਦੇ ਰੂਪ ਵਿੱਚ ਸਲਾਨਾ ਦੇਸ਼ ਵਿੱਚੋਂ ਬਾਹਰ ਜਾਣ ਵਾਲ਼ੇ ਧਨ ਵਿੱਚ ਵੀ ਕਈ ਗੁਣਾਂ ਦਾ ਵਾਧਾ ਹੋ ਗਿਆ।
ਉਦਾਰੀਕਰਨ ਦੇ ਪਿਛਲੇ 17 ਸਾਲਾਂ ਨੇ 'ਸਮਾਜਵਾਦ' ਦੇ ਮੁਖੌਟੇ ਨੂੰ ਲੀਰੋ-ਲੀਰ ਕਰਕੇ ਪੂੰਜੀਵਾਦੀ ਲੋਕਤੰਤਰ ਦੇ ਖੂਨੀ ਚਿਹਰੇ ਨੂੰ ਇੱਕਦਮ ਨੰਗਾ ਕਰ ਦਿੱਤਾ ਹੈ। ਅੱਧੀ ਸਦੀ ਦੇ ਅਖੌਤੀ ਵਿਕਾਸ ਦੀ ਕੁੱਲ ਬੈਲੇਂਸ ਸ਼ੀਟ ਇਹ ਹੈ ਕਿ ਸਭ ਤੋਂ ਉੱਪਰਲੇ 22 ਪੂੰਜੀਪਤੀ ਘਰਾਣਿਆਂ ਦੀ ਜਾਇਦਾਦ 1951 ਤੋਂ 2000 ਤੱਕ ਦੇ ਅਰਸੇ ਵਿੱਚ 550 ਗੁਣਾ ਵਧੀ ਹੈ। ਇਨ੍ਹਾਂ ਘਰਾਣਿਆਂ ਵਿੱਚ ਬਹੁ-ਕੌਮੀ ਕਾਰਪੋਰੇਸ਼ਨਾਂ ਸ਼ਾਮਲ ਨਹੀਂ ਹਨ, ਜਿਨ੍ਹਾਂ ਦੇ ਸ਼ੁੱਧ ਮੁਨਾਫੇ ਵਿੱਚ ਵੀ ਸੈਂਕੜੇ ਗੁਣਾ ਵਾਧਾ ਹੋਇਆ ਹੈ। ਦੂਜੇ ਪਾਸੇ ਦੇਸ਼ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਜੀਣ ਵਾਲ਼ਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਦੀ ਰਫ਼ਤਾਰ ਉਦਾਰੀਕਰਨ ਦੇ ਸਤਾਰਾਂ ਸਾਲਾਂ ਨੇ ਹੋਰ ਵੀ ਤੇਜ਼ ਕਰ ਦਿੱਤੀ ਹੈ। ਏਸ਼ੀਆ ਵਿਕਾਸ ਬੈਂਕ ਅਨੁਸਾਰ ਇਸ ਸਮੇਂ ਦੇਸ਼ ਦੀ 55 ਫੀਸਦੀ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਛੁਪੀ ਹੋਈ ਅਤੇ ਅਰਧ ਬੇਰੁਜ਼ਗਾਰੀ ਸਮੇਤ ਅਰਥਸ਼ਾਸਤਰੀਆਂ ਅਨੁਸਾਰ, ਬੇਰੁਜ਼ਗਾਰਾਂ ਦੀ ਕੁੱਲ ਗਿਣਤੀ ਕਰੋੜਾਂ ਵਿੱਚ ਹੈ।
ਦੇਸ਼ ਵਿੱਚ ਅੱਜ 20 ਕਰੋੜ ਗੈਰ-ਜਥੇਬੰਦ ਮਜ਼ਦੂਰ ਹਨ। ਪੁਰਾਣੇ ਕਿਰਤ ਕਾਨੂੰਨਾਂ ਨੂੰ ਕਿਸ਼ਤਾਂ ਵਿੱਚ ਖਤਮ ਕਰਦੇ ਹੋਏ ਸਰਕਾਰ ਦੇਸੀ ਵਿਦੇਸ਼ੀ ਪੂੰਜੀਪਤੀਆਂ ਦੇ ਆਧੁਨਿਕ ਉਦਯੋਗਾਂ ਨੂੰ ਵੀ ਇਹ ਛੋਟ ਦੇ ਰਹੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਕੰਮ, ਦਿਹਾੜੀ ਅਤੇ ਠੇਕਾ ਮਜ਼ਦੂਰਾਂ ਤੋਂ ਲੈਣ ਅਤੇ ਉਨ੍ਹਾਂ ਨੂੰ ਕੁੱਝ ਟੁਕੜਿਆਂ ਲਈ ਬਾਰਾਂ-ਬਾਰਾਂ, ਚੌਦਾਂ-ਚੌਦਾਂ ਘੰਟੇ ਕੰਮ ਕਰਨ ਲਈ ਮਜ਼ਬੂਰ ਕਰਨ। ਖੇਤ ਮਜ਼ਦੂਰਾਂ ਦੀ ਹਾਲਤ ਤਾਂ ਇਸ ਤੋਂ ਵੀ ਭੈੜੀ ਹੈ।
ਪੂੰਜੀ ਦੀ ਮਾਰ ਹੇਠ ਆਪਣੀ ਜਗ੍ਹਾ-ਜ਼ਮੀਨ ਛੱਡ ਕੇ ਉਜਰਤੀ ਮਜ਼ਦੂਰਾਂ ਵਿੱਚ ਸ਼ਾਮਲ ਹੋਣ ਵਾਲ਼ੇ ਦਰਮਿਆਨੇ ਅਤੇ ਗਰੀਬ ਕਿਸਾਨਾਂ ਦੀ ਗਿਣਤੀ ਵਿੱਚ ਪਿਛਲੇ ਦਸ ਸਾਲਾਂ ਵਿੱਚ ਕਰੋੜਾਂ ਦਾ ਵਾਧਾ ਹੋਇਆ ਹੈ। ਪਿਛਲੀ ਸਦੀ ਦੇ ਦੌਰਾਨ ਵੱਡੇ ਡੈਮਾਂ ਅਤੇ ਬਿਜਲੀ ਪ੍ਰੋਜੈਕਟਾਂ ਦੀ ਉਸਾਰੀ ਦੀਆਂ ਥਾਵਾਂ ਤੋਂ ਕਰੋੜਾਂ ਲੋਕਾਂ ਦਾ ਉਜਾੜਾ ਹੋ ਚੁੱਕਾ ਹੈ, ਜਿਨ੍ਹਾਂ ਦੇ ਮੁੜ-ਵਸੇਬੇ ਦਾ ਕੋਈ ਪ੍ਰੰਬੰਧ ਨਹੀਂ ਕੀਤਾ ਗਿਆ।
ਦੇਸ਼ ਵਿੱਚ ਕਾਰਾਂ, ਮੋਟਰਸਾਈਕਲ, ਏ.ਸੀ., ਫਰਿੱਜ, ਟੀ.ਵੀ., ਵਾਸ਼ਿੰਗ ਮਸ਼ੀਨ ਆਦਿ ਦੇ ਨਵੇਂ ਨਵੇਂ ਮਾਡਲਾਂ ਦੇ ਉਤਪਾਦਨ ਵਿੱਚ ਭਾਰੀ ਵਾਧਾ ਹੋਇਆ ਹੈ ਪਰ ਅਨਾਜ ਦੇ ਉਤਪਾਦਨ ਵਿੱਚ ਵਾਧੇ ਦੇ ਬਾਵਜੂਦ ਆਮ ਗਰੀਬ ਅਬਾਦੀ ਦੇ ਖਾਣ-ਪੀਣ ਅਤੇ ਇਸਤੇਮਾਲ ਦੀਆਂ ਹੋਰ ਚੀਜ਼ਾਂ ਅਤੇ ਦਵਾਈ ਅਤੇ ਇਲਾਜ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।
1991 ਤੋਂ ਲੈ ਕੇ ਅੱਜ ਤੱਕ ਸਾਰੀਆਂ ਸਰਕਾਰਾਂ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਭਾੜੇ ਦੇ ਅਰਥ ਸ਼ਾਸਤਰੀ ਇਹ ਕਹਿੰਦੇ ਰਹੇ ਹਨ, ਕਿ ਉਦਾਰੀਕਰਨ-ਨਿੱਜੀਕਰਨ ਹੀ ਇੱਕੋ ਇੱਕ ਬਦਲ ਹੈ। ਉਹ ਇੱਕ ਮਾਅਨੇ ਵਿੱਚ ਸਹੀ ਕਹਿੰਦੇ ਹਨ। ਪੂੰਜੀਵਾਦੀ ਪ੍ਰਬੰਧ ਦੇ ਸਾਹਮਣੇ ਅੱਜ ਇਹੋ ਇੱਕੋ-ਇੱਕ ਬਦਲ ਹੈ ਅਤੇ ਇਸ ਦੇ ਜੋ ਤਬਾਹਕੁੰਨ ਨਤੀਜੇ ਸਾਹਮਣੇ ਹਨ, ਉਹ ਸਪੱਸ਼ਟ ਕਰ ਦਿੰਦੇ ਹਨ ਕਿ ਭਵਿੱਖ ਕੀ ਹੋਵੇਗਾ। ਪੂੰਜੀਵਾਦੀ ਹਕੂਮਤ ਨੇ ਜੋ ਕਰਨਾ ਸੀ ਉਸ ਨੇ ਉਹ ਕੀਤਾ ਹੈ। ਹੁਣ ਇਸ ਦੇਸ਼ ਦੇ ਕਿਰਤੀ ਲੋਕਾਂ ਨੇ ਵੀ ਉਹ ਕੁੱਝ ਕਰਨਾ ਹੈ, ਜੋ ਉਹਨਾਂ ਨੂੰ ਕਰਨਾ ਚਾਹੀਦਾ ਹੈ।
ਕਿੰਨਾ ਧੋਖੇਬਾਜ਼ ''ਸੰਵਿਧਾਨ'' ਅਤੇ ਕਿੰਨਾ ਮਹਿੰਗਾ ''ਲੋਕਤੰਤਰ''
ਆਰਥਿਕਤਾ 'ਤੇ ਸਰਸਰੀ ਝਾਤ ਮਾਰਨ ਤੋਂ ਬਾਅਦ, ਆਓ ਰਾਜਨੀਤਿਕ ਢਾਂਚੇ ਦਾ ਵੀ ਸੰਖੇਪ ਜਾਇਜ਼ਾ ਲਈਏ।
ਭਾਰਤੀ ਸੰਵਿਧਾਨ ਦਾ ਨਿਰਮਾਣ ਜਿਸ ਸੰਵਿਧਾਨ ਸਭਾ ਨੇ ਕੀਤਾ ਸੀ, ਉਸ ਦੀ ਚੋਣ ਪੂਰੀ ਜਨਤਾ ਨੇ ਨਹੀਂ ਸਗੋਂ ਮਹਿਜ਼ 15 ਫੀਸਦੀ ਅਮੀਰਾਂ ਨੇ ਕੀਤੀ ਸੀ। ਇਹ ਸੰਵਿਧਾਨ ਅਸਲ ਵਿੱਚ 1935 ਦੇ ''ਗਵਰਨਮੈਂਟ ਆਫ ਇੰਡੀਆ ਐਕਟ'' ਦਾ ਹੀ ਸੋਧਿਆ ਰੂਪ ਸੀ। ਇਹ ਭਾਰਤ ਨੂੰ ''ਖੁਦਮੁਖਤਿਆਰ ਜਮਹੂਰੀ ਗਣਰਾਜ'' ਐਲਾਨਦੇ ਹੋਏ ਵੀ ਲੋਕਾਂ ਨੂੰ ਬਹੁਤ ਸੀਮਤ ਜਮਹੂਰੀ ਅਧਿਕਾਰ ਦਿੰਦਾ ਹੈ ਅਤੇ ਇਨ੍ਹਾਂ ਨੂੰ ਹੜੱਪ ਕਰ ਲੈਣ ਦਾ ਬੰਦੋਬਸਤ ਵੀ ਇਸ ਦੇ ਅੰਦਰ ਮੌਜੂਦ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਨਿਆਂ ਪ੍ਰਬੰਧ ਅਤੇ ਪੁਲਿਸ ਰਾਜ ਨੂੰ ਲੱਗਭਗ ਜਿਉਂ ਦਾ ਤਿਉਂ ਕਾਇਮ ਰੱਖਣ ਕਾਰਨ ਆਮ ਲੋਕਾਂ ਦੇ ਬਹੁਤ ਹੀ ਸੀਮਤ ਸੰਵਿਧਾਨਕ ਅਧਿਕਾਰਾਂ ਦਾ ਵੀ ਕੁੱਝ ਖਾਸ ਮਤਲਬ ਨਹੀਂ ਰਹਿ ਜਾਂਦਾ।
ਇਸ ਸੰਵਿਧਾਨ ਦੇ ਤਹਿਤ ਅਰਬਾਂ, ਖਰਬਾਂ ਦੇ ਖਰਚ ਨਾਲ਼ ਜੋ ਚੋਣਾਂ ਹੁੰਦੀਆਂ ਹਨ, ਉਹ ਦਰਅਸਲ ਲੋਕਾਂ ਦੇ ਪ੍ਰਤੀਨਿਧੀਆਂ ਦੀ ਚੋਣ ਹੁੰਦੀ ਹੀ ਨਹੀਂ ਹੈ। ਚੋਣ ਸਿਰਫ ਇਸ ਚੀਜ਼ ਦੀ ਹੁੰਦੀ ਹੈ ਕਿ ਆਉਣ ਵਾਲ਼ੇ ਪੰਜ ਸਾਲਾਂ ਤੱਕ ਸਰਕਾਰ ਦੇ ਰੂਪ ਵਿੱਚ ''ਹਾਕਮਾਂ ਦੀ ਮੈਨੇਜਿੰਗ ਕਮੇਟੀ'' ਦਾ ਕੰਮ ਕਿਸ ਪਾਰਟੀ ਜਾਂ ਗੱਠਜੋੜ ਦੇ ਲੋਕ ਸੰਭਾਲਣਗੇ। ਅਰਬਾਂ-ਖਰਬਾਂ ਦੇ ਖਰਚ ਨਾਲ਼ ਹੋਣ ਵਾਲੀਆਂ ਇਹ ਚੋਣਾਂ ਹੁਣ ਪੰਜ ਸਾਲਾਂ ਦੇ ਅੰਦਰ ਦੋ-ਦੋ, ਤਿੰਨ-ਤਿੰਨ ਵਾਰ ਹੋ ਰਹੀਆਂ ਹਨ ਅਤੇ ਆਪਣੇ ਪ੍ਰਬੰਧ ਦੇ ਇਸ ਸੰਕਟ ਦਾ ਬੋਝ ਵੀ ਹਾਕਮ ਲੋਕਾਂ ਤੋਂ ਹੀ ਵਸੂਲ ਕਰ ਰਹੇ ਹਨ।
ਚੋਣਾਂ ਦੇ ਬਾਅਦ ਹੁਣ ਜ਼ਰਾ ਸਰਕਾਰ ਚਲਾਉਣ ਦੇ ਖਰਚ ਉੱਪਰ ਇੱਕ ਨਜ਼ਰ ਮਾਰੀਏ। ਔਸਤ ਭਾਰਤੀ ਆਦਮੀ ਦੀ ਰੋਜ਼ਾਨਾ ਆਮਦਨ ਲੱਗਭਗ 29 ਰੁਪਏ ਹੈ ਜਦੋਂ ਕਿ ਦੇਸ਼ ਦੇ ਰਾਸ਼ਟਰਪਤੀ ਉੱਪਰ ਰੋਜ਼ਾਨਾ 4 ਲੱਖ 14 ਹਜ਼ਾਰ ਰੁਪਏ ਖਰਚ ਹੁੰਦੇ ਹਨ। ਪ੍ਰਧਾਨ ਮੰਤਰੀ ਦੇ ਦਫਤਰ ਉੱਪਰ ਹਰ ਰੋਜ਼ ਲਗਭਗ 2 ਲੱਖ 38 ਹਜ਼ਾਰ ਰੁਪਏ ਖਰਚ ਹੁੰਦੇ ਹਨ। ਤਨਖਾਹ, ਭੱਤੇ, ਸਹੂਲਤਾਂ ਸਹਿਤ ਇੱਕ ਸੰਸਦ ਮੈਂਬਰ 'ਤੇ ਸਲਾਨਾ 32 ਲੱਖ ਰੁਪਏ ਭਾਵ 534 ਸੰਸਦ ਮੈਂਬਰਾਂ ਉੱਪਰ ਕੁੱਲ ਸਲਾਨਾ 8 ਕਰੋੜ 35 ਲੱਖ ਰੁਪਏ ਖਰਚ ਹੁੰਦੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਰਾਸ਼ਟਰਪਤੀ ਭਵਨ ਦਾ ਬਿਜਲੀ ਖਰਚ ਹੀ 16.5 ਕਰੋੜ ਸੀ। ਸੰਸਦ ਦੀ ਇੱਕ ਘੰਟੇ ਦੀ ਕਾਰਵਾਈ ਉੱਪਰ ਲਗਭਗ 20 ਲੱਖ ਰੁਪਏ ਖਰਚ ਹੁੰਦੇ ਹਨ। ਇਸ ਤੋਂ ਇਲਾਵਾ ਇਹਨਾਂ 'ਲੋਕ ਪ੍ਰਤੀਨਿਧੀਆਂ' ਦੀ ਸੁਰੱਖਿਆ ਉੱਪਰ ਹਰ ਸਾਲ ਅਰਬਾਂ ਰੁਪਏ ਖਰਚੇ ਜਾਂਦੇ ਹਨ।
ਇਹ ਖਰਚ ਸਿਰਫ 'ਲੋਕ ਪ੍ਰਤੀਨਿਧੀਆਂ' ਦਾ ਹੈ। ਵਿਰਾਟ ਨੌਕਰਸ਼ਾਹੀ ਤੰਤਰ, ਪੁਲਸ ਵਿਭਾਗ, ਅਰਧ ਸੈਨਿਕ ਬਲਾਂ ਅਤੇ ਫ਼ੌਜ ਉੱਪਰ ਸਲਾਨਾ ਖਰਬਾਂ ਰੁਪਏ ਦਾ ਜੋ ਗੈਰਉਤਪਾਦਕ ਖਰਚ ਹੁੰਦਾ ਹੈ, ਉਸ ਦਾ ਬੋਝ ਵੀ ਆਪਣਾ ਪੇਟ ਕੱਟ ਕੇ ਲੋਕ ਹੀ ਚੁੱਕਦੇ ਹਨ।
ਜੋ ਪੂੰਜੀਪਤੀ ਲੁਟੇਰਿਆਂ ਦੇ ਵਫ਼ਾਦਾਰ ਕੁੱਤੇ ਹਨ, ਉਹ ਭੌਂਕਣ, ਵੱਢਣ ਅਤੇ ਚੌਕੀਦਾਰੀ ਕਰਨ ਦੀ ਪੂਰੀ ਕੀਮਤ ਵਸੂਲ ਕਰਦੇ ਹਨ। ਪੂੰਜੀਪਤੀ ਇਹ ਕੀਮਤ ਖੁਦ ਨਹੀਂ ਦਿੰਦੇ, ਸਗੋਂ ਲੋਕਤੰਤਰ ਦੇ ਨਾਮ ਉੱਪਰ ਉਹਨਾਂ ਲੋਕਾਂ ਤੋਂ ਵਸੂਲਦੇ ਹਨ, ਜਿਹਨਾਂ ਦੀਆਂ ਹੱਡੀਆਂ 'ਚੋਂ ਉਹ ਆਪਣਾ ਮੁਨਾਫਾ ਨਿਚੋੜਦੇ ਹਨ।
ਰਾਜ ਸਰਕਾਰਾਂ ਨੇ ਪੰਚਾਇਤੀ ਰਾਜ ਦੇ ਨਾਮ ਉੱਪਰ ਸੱਤ੍ਹਾ ਦੇ ਵਿਕੇਂਦਰੀਕਰਨ ਦਾ ਸ਼ੋਸ਼ਾ ਉਛਾਲ਼ ਕੇ ਪੰਚਾਇਤਾਂ ਨੂੰ ਵਧੇਰੇ ਅਧਿਕਾਰ ਦੇਣ ਦਾ ਦਾਅਵਾ ਕੀਤਾ ਹੈ। ਇਹ ਅਸਲ ਵਿੱਚ ਪਿੰਡ ਪੱਧਰ 'ਤੇ ਧਨੀ ਕਿਸਾਨਾਂ ਅਤੇ ਪੂੰਜੀਵਾਦੀ ਭੂਮੀਪਤੀਆਂ ਨੂੰ ਵਧੇਰੇ ਅਧਿਕਾਰ ਦੇ ਕੇ ਲੁੱਟ ਅਤੇ ਸੱਤ੍ਹਾ ਵਿੱਚ ਵਧੇਰੇ ਮੌਕੇ ਦੇਣ ਦਾ ਸਾਧਨ ਹੈ। ਅਜਿਹਾ ਕਰਕੇ ਅਸਲ ਵਿੱਚ ਪੂੰਜੀਵਾਦੀ ਪ੍ਰਬੰਧ ਦੇ ਸਥਾਨਕ ਥੰਮ੍ਹਾਂ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਆਰਥਿਕ ਤਾਕਤ ਤੋਂ ਵਾਂਝੇ ਆਮ ਲੋਕ ਪੰਚਾਇਤਾਂ ਰਾਹੀਂ ਮਿਲੇ ਸੀਮਤ ਅਧਿਕਾਰਾਂ ਦਾ ਵੀ ਉਦੋਂ ਤੱਕ ਇਸਤੇਮਾਲ ਨਹੀਂ ਕਰ ਸਕਦੇ, ਜਦੋਂ ਤੱਕ ਆਰਥਿਕ-ਸਮਾਜਿਕ ਢਾਂਚੇ ਵਿੱਚ ਬੁਨਿਆਦੀ ਤਬਦੀਲੀ ਨਹੀਂ ਕੀਤੀ ਜਾਂਦੀ, ਜਾਂ ਫਿਰ ਵਿਸ਼ਾਲ ਲੋਕਾਈ ਦੀ ਸੰਘਰਸ਼ਸ਼ੀਲ, ਇੱਕਜੁਟਤਾ ਦਾ ਤਾਕਤਵਰ ਦਬਾਅ ਨਹੀਂ ਬਣਾਇਆ ਜਾਂਦਾ।
ਅਸੀਂ ਇਨਕਲਾਬੀ ਲੋਕ ਸਵਰਾਜ ਦਾ ਨਾਅਰਾ ਕਿਉਂ ਬੁਲੰਦ ਕਰਦੇ ਹਾਂ?
ਦੇਸ਼ ਦੇ ਇਤਿਹਾਸ ਦੇ ਅਜਿਹੇ ਮੋੜ ਉੱਤੇ, ਜਦੋਂ ਸਮੇਂ ਦੇ ਗਰਭ ਵਿੱਚ ਮਹੱਤਵਪੂਰਨ ਬਦਲਾਅ ਦੇ ਬੀਜ ਪਲ਼ ਰਹੇ ਹਨ ਅਸੀਂ ਪੂੰਜੀਵਾਦੀ ਸੰਸਦੀ ਲੋਕਤੰਤਰ ਦੀ ਖਰਚੀਲੀ ਧੋਖਾਧੜੀ ਅਤੇ ਅਖੌਤੀ ਪੰਚਾਇਤੀ ਰਾਜ ਦੇ ਕਪਟੀ ਸ਼ੋਸ਼ੇ ਨੂੰ ਸਿਰੇ ਤੋਂ ਖਾਰਿਜ ਕਰਨ ਲਈ ਉਹਨਾਂ ਸਭ ਲੋਕਾਂ ਨੂੰ ਸੱਦਾ ਦਿੰਦੇ ਹਾਂ, ਜੋ ਇਸ ਪ੍ਰਬੰਧ ਦੁਆਰਾ ਠੱਗੇ ਜਾ ਰਹੇ ਹਨ, ਲੁੱਟੇ ਜਾ ਰਹੇ ਹਨ ਅਤੇ ਅਵਾਜ਼ ਉਠਾਉਣ 'ਤੇ ਕੁਚਲੇ ਜਾ ਰਹੇ ਹਨ। ਇਸ ਪ੍ਰਬੰਧ ਵਿੱਚ ਜਿਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ, ਉਹ ਹੀ ਨਵਾਂ ਪ੍ਰਬੰਧ ਬਣਾਉਣ ਲਈ ਅੱਗੇ ਆਉਣਗੇ। ਉਹਨਾਂ ਨੂੰ ਅੱਗੇ ਆਉਣਾ ਹੀ ਪਵੇਗਾ।
ਦੇਸ਼ ਦੀਆਂ ਵੱਖ-ਵੱਖ ਇਨਕਲਾਬੀ ਜਨਤਕ ਜਥੇਬੰਦੀਆਂ ਦੁਆਰਾ ਚਲਾਈ ਜਾਣ ਵਾਲ਼ੀ ਇਨਕਲਾਬੀ ਲੋਕ ਸਵਰਾਜ ਮੁਹਿੰਮ ਇਹੋ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਜਾਣ ਦੇ ਕੰਮ ਵਿੱਚ ਜੁਟੀ ਹੋਈ ਹੈ। ਮੁਹਿੰਮ ਦਾ ਸੁਨੇਹਾ ਹੈ ਕਿ ਸਾਮਰਾਜ ਅਤੇ ਪੂੰਜੀਵਾਦ ਦਾ ਇੱਕ-ਇੱਕ ਦਿਨ ਸਾਡੇ ਲਈ ਭਾਰਾ ਹੈ। ਇਸ ਦਾ ਨਾਸ਼ ਸਾਡੀ ਹੋਂਦ ਦੀ ਸ਼ਰਤ ਹੈ।
ਇਹਨਾਂ ਦੇ ਵਿਰੁੱਧ ਅਸੀਂ ਇਨਕਲਾਬੀ ਲੋਕ ਸਵਰਾਜ ਦਾ ਨਾਹਰਾ ਬੁਲੰਦ ਕਰਦੇ ਹਾਂ। ਇਨਕਲਾਬੀ ਲੋਕ ਸਵਰਾਜ ਦਾ ਮਤਲਬ ਹੈ, ਉਤਪਾਦਨ, ਰਾਜਭਾਗ ਅਤੇ ਸਮਾਜ ਦੇ ਪੂਰੇ ਪ੍ਰਬੰਧ ਉੱਪਰ ਉਤਪਾਦਨ ਕਰਨ ਵਾਲ਼ੀਆਂ ਜਮਾਤਾਂ ਦਾ ਕੰਟਰੋਲ, ਫੈਸਲੇ ਦੀ ਪੂਰੀ ਤਾਕਤ ਉਹਨਾਂ ਦੇ ਹੱਥਾਂ ਵਿੱਚ ਹੋਵੇ। ਇਸ ਦਾ ਸਾਰ ਤੱਤ ਹੈ—ਸਾਰੀ ਸੱਤ੍ਹਾ ਕਿਰਤੀਆਂ ਨੂੰ! ਇਸਦਾ ਮਤਲਬ ਹੈ— ਸੰਸਾਰ ਪੂੰਜੀਵਾਦੀ ਪ੍ਰਬੰਧ ਨਾਲ਼ ਘਿਉ-ਖਿਚੜੀ ਦੇਸੀ ਪੂੰਜੀਵਾਦੀ ਢਾਂਚੇ ਨੂੰ ਚਕਨਾਚੂਰ ਕਰਕੇ ਪੂਰੇ ਸਮਾਜ ਦੇ ਆਰਥਿਕ ਅਧਾਰ ਅਤੇ ਪਰੀ ਢਾਂਚੇ ਦੀ ਨਿਆਂ ਅਤੇ ਸਮਾਨਤਾ ਦੇ ਅਧਾਰ 'ਤੇ ਮੁੜ ਉਸਾਰੀ।
ਕੁੱਝ ਪੂੰਜੀਵਾਦੀ ਸੁਧਾਰਵਾਦੀ ਅਤੇ ਕੁੱਝ ਭਰਮਗ੍ਰਸਤ ਲੋਕ ਅੱਜ ਵਿਦੇਸ਼ੀ ਲੁੱਟ ਅਤੇ ਕੌਮ ਦੀ ਨਵੀਂ 'ਗੁਲਾਮੀ' ਦਾ ਨਾਹਰਾ ਦੇ ਰਹੇ ਹਨ। ਫਾਸਿਸਟ ਸੰਘ ਪਰਿਵਾਰ ਤੱਕ ਨੇ ਇਸਦੇ ਲਈ ਇੱਕ ਮੰਚ ਬਣਾ ਰੱਖਿਆ ਹੈ। ਇਹ ਨਾਹਰਾ ਭਟਕਾਉਣ ਵਾਲ਼ਾ ਹੈ। ਵਿਦੇਸ਼ੀ ਅੱਜ ਦੇਸੀ ਲੁਟੇਰਿਆਂ ਨਾਲ਼ ਗੱਠਜੋੜ ਬਣਾ ਕੇ ਲੋਕਾਂ ਨੂੰ ਲੁੱਟ ਰਹੇ ਹਨ। ਦੇਸੀ ਪੂੰਜੀਪਤੀ ਲੁੱਟ ਦੀ ਬਾਂਦਰਵੰਡ ਵਿੱਚ ਆਪਣੇ ਹਿੱਸੇ ਲਈ ਸਾਮਰਾਜੀਆਂ ਨਾਲ਼ ਸੌਦੇਬਾਜ਼ੀ ਕਰਦੇ ਹਨ ਅਤੇ 'ਸਵਦੇਸ਼ੀ' ਦਾ ਚੀਕ-ਚਿਹਾੜਾ ਪਾਉਂਦੇ ਹਨ। ਪਰ ਤਕਨੀਕ ਅਤੇ ਪੂੰਜੀ ਲਈ ਅਤੇ ਸੰਸਾਰ ਮੰਡੀ ਵਿੱਚ ਟਿਕੇ ਰਹਿਣ ਲਈ ਉਹ ਉਹਨਾਂ ਨਾਲ਼ ਮਿਲ ਕੇ ਚੱਲਣ ਲਈ ਮਜ਼ਬੂਰ ਹਨ। ਸਵਾਲ ਦੇਸ਼ ਦੀ ਗੁਲਾਮੀ ਦਾ ਨਹੀਂ ਹੈ। ਕਿਰਤੀ ਲੋਕ ਤਾਂ ਹਰ ਹਾਲ ਵਿੱਚ ਪੂੰਜੀ ਦੇ ਉਜਰਤੀ ਗੁਲਾਮ ਹਨ, ਭਾਵੇਂ ਉਹ ਦੇਸੀ ਹੋਵੇ ਜਾਂ ਵਿਦੇਸ਼ੀ। ਵਿਸ਼ਵੀਕਰਨ ਦੇ ਦੌਰ ਵਿੱਚ ਗਰੀਬ ਦੇਸ਼ਾਂ ਵਿੱਚ ਪੂੰਜੀਵਾਦੀ ਲੁੱਟ ਸਾਮਰਾਜ ਨਾਲ਼ ਗੰਢ-ਤੁੱਪ ਕਰਕੇ ਹੀ ਜਾਰੀ ਰਹਿ ਸਕਦੀ ਹੈ।
ਸਵਾਲ ਅੱਜ ਵਿਦੇਸ਼ੀ ਗੁਲਾਮੀ ਬਨਾਮ ਸਵਦੇਸ਼ੀ ਦਾ ਨਹੀਂ ਹੈ, ਸਗੋਂ ਸਵਾਲ ਸੰਪੂਰਨ ਪੂੰਜੀਵਾਦੀ ਪ੍ਰਬੰਧ ਨੂੰ ਨਸ਼ਟ ਕਰਨ ਦਾ ਹੈ, ਜੋ ਅਣਇਤਿਹਾਸਕ ਅਤੇ ਮਨੁੱਖ ਧਰੋਹੀ ਹੋ ਚੁੱਕਾ ਹੈ।
ਇੱਕੀਵੀਂ ਸਦੀ ਦੇ ਇਤਿਹਾਸ ਦੇ ਏਜੰਡੇ 'ਤੇ ਇਹੋ ਕੇਂਦਰੀ ਮੁੱਦਾ ਹੈ। ਇਨਕਲਾਬੀ ਲੋਕ ਸਵਰਾਜ ਦਾ ਨਾਅਰਾ ਉਸ ਪੂੰਜੀਵਾਦੀ ਸੱਤ੍ਹਾ ਨੂੰ ਉਖਾੜ ਸੁੱਟਣ ਦੇ ਲਈ ਸੰਘਰਸ਼ ਦਾ ਨਾਅਰਾ ਹੈ, ਜਿਸ ਨੇ ਦੇਸੀ ਪੂੰਜੀਪਤੀਆਂ ਦੀ ਲੁੱਟ ਦੇ ਨਾਲ਼ ਹੀ ਸਾਮਰਾਜੀ ਦੇਸ਼ਾਂ ਅਤੇ ਉਹਨਾਂ ਦੀਆਂ ਬਹੁਕੌਮੀ ਕੰਪਨੀਆਂ ਦੀ ਲੁੱਟ ਲਈ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਇਨਕਲਾਬੀ ਲੋਕ ਸਵਰਾਜ ਪੂੰਜੀਵਾਦੀ ਲੋਕਤੰਤਰ ਦੇ ਸਾਰੇ ਪਾਖੰਡਾਂ ਅਤੇ ਛਲ-ਕਪਟ ਦਾ ਭਾਂਡਾ ਭੰਨ੍ਹਦੇ ਹੋਏ ਵਰਤਮਾਨ ਸੰਸਦੀ ਪ੍ਰਣਾਲੀ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਅਤੇ ਸਰਕਾਰੀ ਪੰਚਾਇਤੀ ਰਾਜ ਦੀ ਅਸਲੀਅਤ ਨੂੰ ਸਮਝਣ ਦਾ ਸੱਦਾ ਦਿੰਦਾ ਹੈ।
ਇਨਕਲਾਬੀ ਲੋਕ ਸਵਰਾਜ ਮੁਹਿੰਮ ਵਿਆਪਕ ਤਬਦੀਲੀ ਅਤੇ ਸੰਘਰਸ਼ ਦੇ ਹਰ ਮੋਰਚੇ 'ਤੇ ਸਰਗਰਮ ਹੋਣ ਦੇ ਨਾਲ਼-ਨਾਲ਼ ਪਿੰਡ-ਪਿੰਡ ਵਿੱਚ, ਸ਼ਹਿਰਾਂ ਦੇ ਮੁਹੱਲਿਆਂ, ਬਸਤੀਆਂ ਵਿੱਚ ਲੋਕਾਂ ਦੀ ਬਦਲਵੀਂ ਸੱਤ੍ਹਾ ਦੇ ਇਨਕਲਾਬੀ ਕੇਂਦਰਾਂ ਦੇ ਰੂਪ ਵਿੱਚ ਲੋਕ ਸਵਰਾਜ ਪੰਚਾਇਤਾਂ ਬਣਾਉਣ ਦਾ ਸੱਦਾ ਦਿੰਦੀ ਹੈ।
ਅਸੀਂ ਜਾਣਦੇ ਹਾਂ, ਸਾਡਾ ਰਾਹ ਲੰਬਾ ਹੈ। ਪਰ ਇਹੋ ਇੱਕੋ ਬਦਲ ਹੈ। ਇਤਿਹਾਸ ਦਾ ਰਾਹ ਹੈ। ਇਸ ਲਈ ਸਾਡਾ ਇਹ ਸੰਗਰਾਮੀ ਸੰਕਲਪ ਹੈ ਕਿ ''ਲੋਕ ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਹਰ ਕੀਮਤ 'ਤੇ ਅਸੀਂ ਉਸ ਨੂੰ ਪ੍ਰਾਪਤ ਕਰ ਕੇ ਰਹਾਂਗੇ।''
ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਫੈਲਾਉਣ ਲਈ, ਪ੍ਰਚਾਰ ਦਸਤਿਆਂ ਦੀਆਂ ਮੁਹਿੰਮਾਂ ਲਈ ਤੁਸੀਂ ਵੱਧ ਤੋਂ ਵੱਧ ਆਰਥਿਕ ਸਹਿਯੋਗ ਭੇਜੋ। ਤੁਸੀਂ ਹੇਠ ਲਿਖੇ ਸੰਪਰਕਾਂ 'ਤੇ ਬਕਾਇਦਾ ਆਰਥਿਕ ਸਹਿਯੋਗ ਭੇਜ ਸਕਦੇ ਹੋ।
ਇਹ ਪਰਚਾ ਨਵੇਂ ਇਨਕਲਾਬ ਦੇ ਰਾਹ 'ਤੇ ਹਮਸਫਰ ਬਣਨ ਦਾ ਸੱਦਾ ਵੀ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਕੋਈ ਭੂਮਿਕਾ ਹੋ ਸਕਦੀ ਹੈ ਤਾਂ ਆਓ! ਅਸੀਂ ਵਿਸਥਾਰ ਵਿੱਚ ਪੂਰੇ ਪ੍ਰੋਗਰਾਮ ਅਤੇ ਠੋਸ ਯੋਜਨਾ ਉੱਪਰ ਵਿਚਾਰ ਵਟਾਂਦਰਾ ਕਰੀਏ, ਮਤਭੇਦਾਂ ਨੂੰ ਸੁਲਝਾਈਏ ਅਤੇ ਠੋਸ ਅਮਲੀ ਤਿਆਰੀ ਅਤੇ ਅੰਦੋਲਨ ਦੇ ਕੰਮਾਂ ਵਿੱਚ ਜੁੱਟ ਜਾਈਏ।
ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਫੈਲਾਉਣ ਲਈ, ਪ੍ਰਚਾਰ ਦਸਤਿਆਂ ਦੀਆਂ ਮੁਹਿੰਮਾਂ ਲਈ ਤੁਸੀਂ ਵੱਧ ਤੋਂ ਵੱਧ ਆਰਥਿਕ ਸਹਿਯੋਗ ਭੇਜੋ। ਤੁਸੀਂ ਹੇਠ ਲਿਖੇ ਸੰਪਰਕਾਂ 'ਤੇ ਬਕਾਇਦਾ ਆਰਥਿਕ ਸਹਿਯੋਗ ਭੇਜ ਸਕਦੇ ਹੋ।
ਇਹ ਪਰਚਾ ਨਵੇਂ ਇਨਕਲਾਬ ਦੇ ਰਾਹ 'ਤੇ ਹਮਸਫਰ ਬਣਨ ਦਾ ਸੱਦਾ ਵੀ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਕੋਈ ਭੂਮਿਕਾ ਹੋ ਸਕਦੀ ਹੈ ਤਾਂ ਆਓ! ਅਸੀਂ ਵਿਸਥਾਰ ਵਿੱਚ ਪੂਰੇ ਪ੍ਰੋਗਰਾਮ ਅਤੇ ਠੋਸ ਯੋਜਨਾ ਉੱਪਰ ਵਿਚਾਰ ਵਟਾਂਦਰਾ ਕਰੀਏ, ਮਤਭੇਦਾਂ ਨੂੰ ਸੁਲਝਾਈਏ ਅਤੇ ਠੋਸ ਅਮਲੀ ਤਿਆਰੀ ਅਤੇ ਅੰਦੋਲਨ ਦੇ ਕੰਮਾਂ ਵਿੱਚ ਜੁੱਟ ਜਾਈਏ।
ਖ਼ਤਮ ਕਰੋ ਪੂੰਜੀ ਦਾ ਰਾਜ! ਲੜੋ ਬਣਾਓ ਲੋਕ ਸਵਰਾਜ!!