ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ 82ਵੀਂ ਸ਼ਹਾਦਤ ਵਰ੍ਹੇਗੰਢ 'ਤੇ ਨੌਜਵਾਨ ਭਾਰਤ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਸ਼ਹਾਦਤ ਦਿਵਸ ਜਲਸੇ ਦਾ ਆਯੋਜਨ




ਇਨਕਲਾਬੀ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜਵਾਦੀ ਭਾਰਤ ਦੀ

ਉਸਾਰੀ ਰਾਹੀਂ ਹੀ ਗਰੀਬ ਲੋਕਾਂ ਦੀ ਹਾਲਤ ਸੁਧਰ ਸਕਦੀ ਹੈ

24 ਮਾਰਚ, ਲੁਧਿਆਣਾ। ''ਜਿਸ ਅਜ਼ਾਦੀ ਦੀ ਜੰਗ ਵਿੱਚ ਹਿੱਸਾ ਲੈਂਦੇ ਹੋਏ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਭਰੀ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ ਉਹ ਅਜ਼ਾਦੀ ਅਜੇ ਨਹੀਂ ਆਈ ਹੈ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਮਕਸਦ ਇੱਕ ਅਜਿਹੇ ਭਾਰਤ ਦੀ ਉਸਾਰੀ ਸੀ ਜਿਸ ਵਿੱਚ ਹਰ ਵਿਅਕਤੀ ਮਾਣ-ਇੱਜਤ ਦੀ ਜਿੰਦਗੀ ਜਿਉਂ ਸਕੇ, ਜਿੱਥੇ ਰੋਟੀ, ਕੱਪੜਾ, ਮਕਾਨ ਤੋਂ ਲੈ ਕੇ ਸਿੱਖਿਆ, ਸਿਹਤ, ਅਰਾਮ, ਮਨੋਰੰਜਨ ਆਦਿ ਸਾਰੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਸਕਣ। ਜਿੱਥੇ ਹਰ ਕਿਸੇ ਨੂੰ ਸਿੱਖਿਆ ਹਾਸਲ ਹੋ ਸਕੇ, ਹਰ ਹੱਥ ਨੂੰ ਰੁਜਗਾਰ ਮਿਲ ਸਕੇ।''

ਇਹ ਗੱਲ ਅੱਜ ਪੁੱਡਾ ਮੈਦਾਨ ਵਿੱਚ ਭਾਰਤ ਦੇ ਮਹਾਨ ਇਨਕਲਾਬੀ ਸ਼ਹੀਦਾਂ ਨੂੰ ਸਮਰਪਿਤ ਸ਼ਹਾਦਤ ਦਿਵਸ ਜਲਸੇ ਵਿੱਚ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਨੇ ਕਹੀ। ਉਹਨਾਂ ਕਿਹਾ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਵਾਰ ਵਾਰ ਇਹ ਚੇਤਾਵਨੀ ਦਿੱਤੀ ਸੀ ਕਿ ਸਿਰਫ਼ ਅੰਗਰੇਜ਼ੀ ਗੁਲਾਮੀ ਤੋਂ ਛੁਟਕਾਰਾ ਹਾਸਿਲ ਕਰ ਲੈਣ ਨਾਲ਼ ਹੀ ਭਾਰਤ ਦੇ ਕਰੋੜਾਂ ਕਿਰਤੀ ਲੋਕਾਂ ਦੀ ਜਿੰਦਗੀ ਵਿੱਚ ਬੁਨਿਆਦੀ ਤਬਦੀਲੀ ਆਉਣ ਵਾਲ਼ੀ ਨਹੀਂ ਹੈ। ਉਹਨਾਂ ਨੇ ਅਨੇਕਾਂ ਵਾਰ ਇਹ ਸਪੱਸ਼ਟ ਕੀਤਾ ਸੀ ਕਿ ਜਗੀਰੂ-ਸਰਮਾਏਦਾਰਾ ਪ੍ਰਬੰਧ ਦੀ ਥਾਂ ਜਦ ਤੱਕ ਸਮਾਜਵਾਦੀ ਆਰਥਿਕ-ਸਿਆਸੀ-ਸਮਾਜਿਕ ਢਾਂਚਾ ਸਥਾਪਿਤ ਨਹੀਂ ਹੋ ਜਾਂਦਾ ਉਦੋਂ ਤੱਕ ਆਮ ਲੋਕਾਂ ਦੀ ਅਜ਼ਾਦੀ ਨਹੀਂ ਆ ਸਕੇਗੀ।
ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਭਰਵੇਂ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਨੌਜਵਾਨ ਗੰਦੇ, ਅਸ਼ਲੀਲ ਸੱਭਿਆਚਾਰ ਅਤੇ ਨਸ਼ਿਆਂ ਵਿੱਚ ਡੁਬੋ ਦਿੱਤੇ ਗਏ ਹਨ। ਇਹ ਇਤਿਹਾਸ ਦਾ ਬੇਹੱਦ ਹਨੇਰਾ ਸਮਾਂ ਹੈ। ਸਾਨੂੰ ਭਗਤ ਸਿੰਘ ਦੇ ਕਹੇ ਅਨੁਸਾਰ ਅੱਜ ਦੇ ਖੜੌਤ ਮਾਰੇ ਦੌਰ ਵਿੱਚ ਇਨਸਾਨੀਅਤ ਦੀ ਰੂਹ ਵਿੱਚ ਨਵੀਂ ਸਪਿਰਿਟ ਪੈਦਾ ਕਰਨ ਲਈ ਜ਼ੋਰਦਾਰ ਹੰਭਲਾ ਮਾਰਨਾ ਹੋਵੇਗਾ। ਉਹਨਾਂ ਸਭਨਾਂ ਇਨਕਲਾਬ ਪਸੰਦ, ਤਬਦੀਲੀ ਪਸੰਦ, ਅਗਾਂਹਵਧੂ ਨੌਜਵਾਨਾਂ-ਕਿਰਤੀਆਂ ਨੂੰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਫ਼ਨਿਆਂ ਦੇ ਭਾਰਤ ਦੀ ਉਸਾਰੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਜਲਸੇ ਨੂੰ ਸੰਬੋਧਿਤ ਹੁੰਦੇ ਹੋਏ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਨੇ ਕਿਹਾ ਅੱਜ ਸੰਸਾਰ ਸਰਮਾਏਦਾਰ ਢਾਂਚਾ ਵਾਧੂ ਪੈਦਾਵਾਰ ਦੇ ਅਟੱਲ ਸੰਕਟ ਵਿੱਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਮੁਨਾਫ਼ੇ ਦੀ ਅੰਨੀ ਦੌੜ ਵਜੋਂ ਪੈਦਾ ਹੋਏ ਇਸ ਸੰਕਟ ਦਾ ਸਾਰਾ ਬੋਝ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਹਾਕਮ ਕਿਰਤੀ ਲੋਕਾਂ 'ਤੇ ਸੁੱਟਦੇ ਆਏ ਹਨ, ਉਹੀ ਕੁਝ ਹੁਣ ਵੀ ਹੋ ਰਿਹਾ ਹੈ ਅਤੇ ਭਵਿੱਖ ਵਿੱਚ ਇਹ ਹਮਲਾ ਹੋਰ ਵੀ ਵੱਡੇ ਪੱਧਰ 'ਤੇ ਹੋਵੇਗਾ। ਇਸ ਵਜੋਂ ਆਉਣ ਵਾਲ਼ੇ ਦਿਨਾਂ ਵਿੱਚ ਮਹਿੰਗਾਈ, ਛਾਂਟੀਆਂ, ਤਾਲਾਬੰਦੀਆਂ, ਬੇਰੁਜ਼ਗਾਰੀ, ਗਰੀਬੀ, ਭੁੱਖਮਰੀ ਤੇਜ਼ੀ ਨਾਲ਼ ਵਧੇਗੀ। ਉਹਨਾਂ ਕਿਹਾ ਸਰਮਾਏਦਾਰਾ ਹਾਕਮ ਲੋਕਾਂ ਦੀਆਂ ਸੰਭਾਵਿਤ ਟਾਕਰਾ ਲਹਿਰਾਂ ਨੂੰ ਕੁਚਲਣ ਲਈ ਧਰਮ, ਜਾਤ, ਇਲਾਕੇ, ਕੌਮ, ਦੇਸ਼ ਆਦਿ ਦੇ ਨਾਂ 'ਤੇ ਵੰਡਣ ਦੀਆਂ ਸਾਜਿਸ਼ਾਂ ਤੇਜ਼ ਕਰ ਚੁੱਕੇ ਹਨ। ਲੋਕਾਂ ਨੂੰ ਇਹਨਾਂ ਸਾਰੀਆਂ ਸਾਜਿਸ਼ਾਂ ਨੂੰ ਨਾਕਾਮ ਕਰਦੇ ਹੋਏ ਵਿਸ਼ਾਲ ਤੇ ਜੁਝਾਰੂ ਲਹਿਰਾਂ ਜੱਥੇਬੰਦ ਕਰਨੀਆਂ ਹੋਣਗੀਆਂ।

ਤਰਕਸ਼ੀਲ ਸ਼ਮਸ਼ੇਰ ਨੂਰਪੁਰੀ ਨੇ ਜਾਦੂ ਦੇ ਟ੍ਰਿਕ ਪੇਸ਼ ਕੀਤੇ ਅਤੇ ਲੋਕਾਂ ਸਾਹਮਣੇ ਇਹ ਗੱਲ ਸਪੱਸ਼ਟ ਕੀਤੀ ਕਿ ਵੱਖ ਵੱਖ ਪਾਖੰਡੀਆਂ ਵੱਲੋਂ ਦੈਵੀ ਸ਼ਕਤੀਆਂ ਦੇ ਮਾਲਕ ਹੋਣ ਦੇ ਕੀਤੇ ਜਾਂਦੇ ਦਾਅਵੇ ਪੂਰੀ ਤਰ੍ਹਾਂ ਝੂਠ ਹਨ। ਉਹਨਾਂ ਸਿੱਧ ਕੀਤਾ ਕਿ ਦੈਵੀ ਸ਼ਕਤੀਆਂ ਹੱਥ ਦੀ ਸਫਾਈ ਤੋਂ ਵੱਧ ਹੋਰ ਕੁੱਝ ਨਹੀਂ ਹੁੰਦੀਆਂ। ਲੋਕਾਂ ਨੂੰ ਇਹਨਾਂ ਝਾਂਸਿਆ ਤੋਂ ਬਚਣਾ ਚਾਹੀਦਾ ਹੈ ਅਤੇ ਵਿਗਿਆਨ ਤੋਂ ਅਗਵਾਈ ਲੈਣੀ ਚਾਹੀਦੀ ਹੈ।

ਰਾਜਵਿੰਦਰ ਅਤੇ ਸਾਥੀਆਂ ਨੇ ਇਨਕਲਾਬੀ ਗੀਤਾਂ ਲਈ ਇਨਕਲਾਬੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਤਾਜ ਮੁਹੰਮਦ ਨੇ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ।
ਮੰਚ ਸੰਚਾਲਨ ਲਖਵਿੰਦਰ ਨੇ ਕੀਤਾ। ਅਮਰ ਸ਼ਹੀਦਾਂ ਦੇ ਸੰਗਰਾਮ ਜ਼ਾਰੀ ਰੱਖਣ ਦਾ ਸੰਕਲਪ ਲੈਂਦੇ ਹੋਏ ਅਸਮਾਨ ਗੂੰਜਵੇਂ ਨਾਅਰਿਆਂ ਨਾਲ਼ ਸ਼ਹਾਦਤ ਦਿਵਸ ਜਲਸੇ ਦੀ ਸਮਾਪਤੀ ਹੋਈ।

No comments:

Post a Comment