ਮਜ਼ਦੂਰਾਂ 'ਤੇ ਢਾਹੇ ਜਾ ਰਹੇ ਜ਼ਬਰ ਦਾ ਵਿਰੋਧ ਕਰੋ!

ਮਜ਼ਦੂਰ ਏਕਤਾ ਜਿੰਦਾਬਾਦ!
ਫੈਕਟਰੀ ਮਾਲਕ-ਪੁਲੀਸ-ਗੁੰਡਾ ਗਠਜੋੜ ਮੁਰਦਾਬਾਦ!!
ਲੁਧਿਆਣਾ ਦੇ ਫੈਕਟਰੀ ਮਾਲਕਾਂ-ਪੁਲੀਸ-ਗੁੰਡਾ ਗਠਜੋੜ ਵਲੋਂ
ਮਜ਼ਦੂਰਾਂ 'ਤੇ ਢਾਹੇ ਜਾ ਰਹੇ ਜ਼ਬਰ ਦਾ ਵਿਰੋਧ ਕਰੋ!
ਸਾਥੀਓ,
ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸੱਨਅਤੀ ਕੇਂਦਰ ਹੈ। ਇਥੋਂ ਦੀਆਂ ਹਜਾਰਾਂ ਛੋਟੀਆਂ-ਵੱਡੀਆਂ ਫੈਕਟਰੀਆਂ ਵਿੱਚ ਲੱਖਾਂ ਮਜ਼ਦੂਰ ਦਿਨ ਰਾਤ ਹੱਡ ਭੰਨਵੀਂ ਮਿਹਨਤ ਕਰਦੇ ਹਨ,  ਪਰ ਇਸ ਦੇ ਬਾਵਜੂਦ ਵੀ ਉਹ ਜਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ। ਲੁਧਿਆਣੇ ਦੇ ਸੱਨਅਤੀ ਇਲਾਕਿਆਂ ਵਿਚਲੇ ਮਜ਼ਦੂਰਾਂ ਦਾ ਨਰਕੀ ਜੀਵਨ ਰੋਮਨ ਗੁਲਾਮਾਂ ਦੀ ਯਾਦ ਦਿਵਾਉਂਦਾ ਹੈ। ਇਹ ਲੱਖਾਂ ਮਜ਼ਦੂਰ ਜਿਸ ਭਿਆਨਕ ਲੁੱਟ ਜ਼ਬਰ ਦਾ ਸ਼ਿਕਾਰ ਹਨ ਉਸ ਤੋਂ ਪੰਜਾਬ ਦੇ ਆਮ ਲੋਕ ਲਗਭਗ ਨਾਵਾਕਿਫ਼ ਹਨ।
ਬੀਤੀ 21 ਅਪ੍ਰੈਲ ਨੂੰ ਵੀਰ ਗਾਰਮੈਂਟਸ ਨਾਂ ਦੇ ਡਾਇੰਗ ਯੁਨਿਟ (ਮਹਾਂਵੀਰ ਕਲੋਨੀ, ਤਾਜਪੁਰ ਰੋਡ, ਲੁਧਿਆਣਾ) ਵਿੱਚ ਬੁਆਇਲਰ ਫਟਿਆ। ਜਿਸ ਵਿੱਚ ਕਈ ਮਜ਼ਦੂਰ, ਜਿਨ੍ਹਾਂ ਵਿੱਚ ਬਾਲ ਮਜ਼ਦੂਰ ਵੀ ਸਨ, ਗੰਭੀਰ ਰੂਪ ਵਿੱਚ ਜਖ਼ਮੀ ਹੋਏ। ਇਲਾਕੇ ਦੇ ਲੋਕਾਂ ਨੂੰ ਖਦਸ਼ਾ ਸੀ ਕਿ ਫੈਕਟਰੀ ਦੇ ਮਲਬੇ ਹੇਠ ਹੋਰ ਮਜ਼ਦੂਰ ਦਬੇ ਹੋ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਵਿੱਚ ਅਜੇ ਵੀ ਕੋਈ ਜੀਉਂਦਾ ਹੋਵੇ। ਲੋਕ ਮੰਗ ਕਰ ਰਹੇ ਸਨ ਕਿ ਮਲਬਾ ਜਲਦੀ ਤੋਂ ਜਲਦੀ ਹਟਾਇਆ ਜਾਵੇ। ਪਰ ਮਜ਼ਦੂਰਾਂ ਨੂੰ ਕੀੜੇ-ਮਕੌੜਿਆਂ ਬਰਾਬਰ ਸਮਝਣ ਵਾਲ਼ੇ ਮਾਲਕਾਂ ਨੂੰ ਮਲਬਾ ਹਟਾਉਣ ਦੀ ਕੋਈ ਕਾਹਲ ਨਹੀਂ ਸੀ। ਅਗਲੇ ਦਿਨ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਮਲਬਾ ਹਟਾਉਣ ਦੀ ਮੰਗ ਕਰ ਰਹੇ ਮਜ਼ਦੂਰਾਂ ਨੂੰ ਪੁਲਸ-ਜ਼ਬਰ ਦਾ ਸ਼ਿਕਾਰ ਹੋਣਾ ਪਿਆ। ਪੁਲੀਸ ਨੇ ਲੋਕਾਂ 'ਤੇ ਡਾਂਗਾਂ ਵਰਾਈਆਂ, ਨੌਜਵਾਨ ਭਾਰਤ ਸਭਾ ਦੇ ਆਗੂਆਂ ਨੂੰ ਫੜ੍ਹ ਕੇ ਮਾਲਕਾਂ ਦੇ ਗੁੰਡਿਆਂ ਤੋਂ ਕੁਟਵਾਇਆ। ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਰਾਜਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਤ ਨੂੰ ਫਿਰ ਮਾਲਕਾਂ ਦੇ ਗੁੰਡਿਆਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਰਾਜਵਿੰਦਰ ਨੂੰ ਕੁੱਟਿਆ। ਬਾਅਦ ਵਿੱਚ ਰਾਜਵਿੰਦਰ ਸਮੇਤ ਨੌਜਵਾਨ ਭਾਰਤ ਸਭਾ ਦੇ ਹੋਰ ਆਗੂਆਂ ਅਤੇ ਆਮ ਬੇਕਸੂਰ ਮਜ਼ਦੂਰਾਂ ਉੱਪਰ ਇਰਾਦਾ ਕਤਲ ਅਤੇ ਹੋਰ ਝੁਠੇ ਕੇਸ ਮੜ੍ਹ ਦਿੱਤੇ ਗਏ। ਇਹਨਾਂ ਕੇਸਾਂ ਵਿੱਚ ਇੱਕ ਅਜਿਹੇ ਮਜ਼ਦੂਰ ਨੂੰ ਵੀ ਫਸਾਇਆ ਗਿਆ ਹੈ ਜੋ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੂੰ ਪਾਣੀ ਪਿਲ਼ਾ ਰਿਹਾ ਸੀ।
ਵੀਰ ਗਾਰਮੈਂਟਸ ਵਿੱਚ ਬੁਆਇਲਰ ਵਿਸਫੋਟ ਅਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਨੇ ਇਹ ਤੱਥ ਲੋਕਾਂ ਸਾਹਮਣੇ ਲੈ ਆਂਦਾ ਹੈ ਕਿ ਲੁਧਿਆਣਾ ਦੇ ਸੱਨਅਤੀ ਮਜ਼ਦੂਰ ਕਿਸ ਕਦਰ ਬਰਬਰ ਜ਼ਬਰ ਦਾ ਸ਼ਿਕਾਰ ਹਨ। ਲੁਧਿਆਣੇ ਦੇ ਸਨਅਤੀ ਮਜ਼ਦੂਰਾਂ ਉੱਪਰ ਫੈਕਟਰੀ ਮਾਲਕਾਂ ਵਲੋਂ ਗੁੰਡਿਆਂ ਅਤੇ ਪੁਲੀਸ ਦੀ ਮੱਦਦ ਨਾਲ ਢਾਹੇ ਜਾ ਰਹੇ ਜ਼ਬਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਹ ਲੁਧਿਆਣੇ ਦੇ ਸਨਅਤੀ ਮਜ਼ਦੂਰਾਂ ਉੱਪਰ ਮਾਲਕ-ਪੁਲਿਸ-ਗੁੰਡਾ ਗਠਜੋੜ ਵਲੋਂ ਢਾਹੇ ਜਾ ਰਹੇ ਜ਼ਬਰ ਦੀਆਂ ਹਜਾਰਾਂ ਛੋਟੀਆਂ-ਵੱਡੀਆਂ ਘਟਨਾਵਾਂ ਦੀ ਹੀ ਇੱਕ ਹੋਰ ਕੜੀ ਹੈ। 
ਅਜੇ ਕੁਝ ਦਿਨ ਪਹਿਲਾਂ ਹੀ ਬਜਾਜ ਸੰਨਜ਼ ਵਿੱਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਉੱਪਰ ਮਾਲਕਾਂ ਦੇ ਗੁੰਡਿਆਂ ਨੇ ਕਾਤਲਾਨਾ ਹਮਲਾ ਕੀਤਾ ਸੀ। ਯੂਨੀਅਨ ਪ੍ਰਧਾਨ ਅਜੇ ਤੱਕ ਜਿੰਦਗੀ-ਮੌਤ ਵਿਚਾਲੇ ਝੂਲ ਰਿਹਾ ਹੈ। ਉਸ ਉੱਪਰ ਹਮਲਾ ਕਰਨ ਵਾਲ਼ੇ ਮਾਲਕਾਂ ਅਤੇ ਉਹਨਾਂ ਦੇ ਗੁੰਡਿਆਂ ਉੱਪਰ ਅਜੇ ਤੱਕ ਪੁਲੀਸ-ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। 
ਲੁਧਿਆਣਾ ਵਿੱਚ ਫੈਕਟਰੀ ਮਾਲਕਾਂ ਨੇ ਸ਼ਰੇਆਮ ਗੁੰਡੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਹਨ। ਬਜ਼ਾਜ ਸੰਨਜ਼ ਅਤੇ ਮੂਨ ਲਾਈਟ ਫੈਕਟਰੀਆਂ ਇਸ ਰੂਝਾਨ ਦੀ ਉੱਘੜਵੀਂ ਮਿਸਾਲ ਹਨ। ਲੁਧਿਆਣੇ ਦੀਆਂ ਸਨਅਤਾਂ ਵਿੱਚ ਕਿਰਤ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਫੈਕਟਰੀਆਂ ਵਿੱਚ ਮਾਲਕਾਂ ਦਾ ਰਾਜ ਹੈ। ਮਜ਼ਦੂਰਾਂ ਤੋਂ ਮਰਜੀ ਨਾਲ਼ ਕੰਮ ਲੈਣਾ, ਮਰਜੀ ਨਾਲ ਤਨਖਾਹ ਦੇਣੀ, ਕੁੱਟਮਾਰ ਕਰਨੀ, ਬੇਇੱਜਤ ਕਰਨਾ, ਕਈ-ਕਈ ਮਹੀਨੇ ਕੰਮ ਕਰਵਾ ਕੇ ਤਨਖਾਹ ਨਾ ਦੇਣੀ, ਇੱਥੋਂ ਦੇ ਫੈਕਟਰੀ ਮਾਲਕਾਂ ਦਾ ਆਮ ਦਸਤੂਰ ਹੈ। ਪੁਲੀਸ-ਪ੍ਰਸ਼ਾਸਨ-ਕਿਰਤ ਮਹਿਕਮਾ ਸਭ ਮਾਲਕਾਂ ਦੇ ਪਿੱਠ 'ਤੇ ਖੜ੍ਹੇ ਹਨ। 
ਮਜ਼ਦੂਰਾਂ ਦੀਆਂ ਰਿਹਾਇਸ਼ੀ ਬਸਤੀਆਂ ਧਰਤੀ ਉੱਪਰ ਨਰਕ ਦੀ ਝਲਕ ਪੇਸ਼ ਕਰਦੀਆਂ ਹਨ। ਹਰ ਪਾਸੇ ਫੈਲੀ ਗੰਦਗੀ, ਬਦਬੂ, ਮੱਖੀਆਂ, ਮੱਛਰ ਤੁਹਾਡਾ ਸਵਾਗਤ ਕਰਦੇ ਹਨ। ਸੀਵਰੇਜ, ਪੀਣ ਦੇ ਸਾਫ਼ ਪਾਣੀ ਆਦਿ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈ। ਹਰ ਸਾਲ ਇਹਨਾਂ ਬਸਤੀਆਂ ਵਿੱਚ ਕੋਈ ਨਾ ਕੋਈ ਬਿਮਾਰੀ ਫੈਲਦੀ ਹੈ, ਜੋ ਹਰ ਵਾਰ ਕਈ ਮਜ਼ਦੂਰਾਂ ਨੂੰ ਨਿਗਲ ਜਾਂਦੀ ਹੈ। ਸਿਹਤ ਸਹੂਲਤਾਂ ਤੋਂ ਵਾਂਝੇ ਮਜ਼ਦੂਰਾਂ ਅਤੇ ਉਹਨਾਂ ਦੇ ਬੱਚਿਆਂ ਲਈ ਤਾਂ ਕਈ ਵਾਰ ਛੋਟੀ ਮੋਟੀ ਬਿਮਾਰੀ ਹੀ ਜਾਨਲੇਵਾ ਸਾਬਤ ਹੁੰਦੀ ਹੈ। 
ਸਿਰਫ਼ ਲੁਧਿਆਣਾ ਹੀ ਨਹੀਂ, ਦੇਸ਼ ਦੇ ਬਾਕੀ ਸੱਨਅਤੀ ਕੇਂਦਰਾਂ ਵਿਚਲੇ ਮਜ਼ਦੂਰਾਂ ਦੀ ਹਾਲਤ ਵੀ ਅਜਿਹੀ ਹੀ ਹੈ। ਅੱਜ ਲੁਧਿਆਣਾ ਅਤੇ ਦੇਸ਼ ਦੇ ਹੋਰ ਸਨਅਤੀ ਕੇਂਦਰਾਂ ਵਿੱਚ ਮਜ਼ਦੂਰਾਂ ਦੀ ਹਾਲਤ 18ਵੀਂ-19 ਵੀਂ ਸਦੀ ਦੇ ਯੂਰਪੀ ਅਤੇ ਅਮਰੀਕੀ ਮਜ਼ਦੂਰਾਂ ਦੇ ਜੀਵਨ ਨਾਲ਼ ਮਿਲਦੀ ਜੁਲਦੀ ਹੈ। ਅਜਿਹੀ ਹੀ ਬਰਬਰ ਲੁੱਟ ਦਾਬੇ ਵਿਰੁੱਧ 19ਵੀਂ ਸਦੀ ਦੇ ਮਗਰਲੇ ਅੱਧ ਵਿੱਚ ਅਮਰੀਕੀ ਮਜ਼ਦੂਰਾਂ ਨੇ ਸੰਘਰਸ਼ ਦਾ ਝੰਡਾ ਚੁੱਕਿਆ ਸੀ। ਅਮਰੀਕੀ ਮਜ਼ਦੂਰਾਂ ਦੇ ਇਸ ਸੰਘਰਸ਼ ਦੀ ਅਗਵਾਈ ਕਰਦਿਆਂ ਮਜ਼ਦੂਰ ਆਗੂਆਂ ਪਾਰਸਨਜ਼, ਸਪਾਈਸ, ਫਿਸ਼ਰ ਅਤੇ ਏਂਜਲ ਨੇ ਸ਼ਹਾਦਤ ਦਾ ਜਾਮ ਪੀਤਾ। ਅੱਜ ਸੰਸਾਰ ਭਰ ਦੇ ਕਿਰਤੀ ਇਹਨਾਂ ਨੂੰ ਮਈ ਦਿਨ ਦੇ ਸ਼ਹੀਦਾਂ ਦੇ ਨਾਂ ਨਾਲ ਜਾਣਦੇ ਹਨ।
 ਅੱਜ ਦੇ ਸਮੇਂ 'ਚ ਮਈ ਦਿਨ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਕੀ ਹੋ ਸਕਦੀ ਹੈ। ਨਿਸ਼ਚੇ ਹੀ ਮਈ ਦਿਨ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਅਤੇ ਸਿਰਫ਼ ਇਹੋ ਹੋ ਸਕਦੀ ਹੈ ਕਿ ਅੱਜ ਦੇ ਸਮੇਂ ਵਿੱਚ ਮਜ਼ਦੂਰਾਂ ਦੀ ਭਿਆਨਕ ਲੁੱਟ-ਜ਼ਬਰ ਵਿਰੁੱਧ ਮਜ਼ਦੂਰਾਂ ਨੂੰ ਜੱਥੇਬੰਦ ਕੀਤਾ ਜਾਵੇ ਅਤੇ ਸੰਘਰਸ਼ ਦੇ ਮੈਦਾਨ ਵਿੱਚ ਉੱਤਰਿਆ ਜਾਵੇ। ਮਜ਼ਦੂਰ ਜਮਾਤ ਨੂੰ ਉਸਦੀ ਮੁਕਤੀ ਦੀ ਵਿਚਾਰਧਾਰਾ ਅਤੇ ਰਾਹ ਤੋਂ ਜਾਣੂ ਕਰਵਾਇਆ ਜਾਵੇ। ਦਲਾਲ ਕਿਸਮ ਦੀਆਂ ਟਰੇਡ ਯੂਨੀਅਨਾਂ ਤੋਂ ਮਜ਼ਦੂਰਾਂ ਦਾ ਖਹਿੜਾ ਛੁਡਵਾਇਆ ਜਾਵੇ ਅਤੇ ਉਹਨਾਂ ਨੂੰ ਇਨਕਲਾਬੀ ਲੀਹਾਂ ਉੱਪਰ ਜੱਥੇਬੰਦ ਕੀਤਾ ਜਾਵੇ। ਇਸ ਤੋਂ ਬਿਨਾਂ ਮਈ ਦਿਨ ਦੇ ਸ਼ਹੀਦਾਂ ਨੂੰ ਹੋਰ ਕੋਈ ਵੀ ਸ਼ਰਧਾਂਜਲੀ ਮਹਿਜ ਰਸਮਪੂਰਤੀ ਹੋਵੇਗੀ, ਇੱਕ ਫੋਕਾ ਕਰਮ ਕਾਂਡ ਹੋਵੇਗਾ। ਇਸ ਲਈ ਆਓ ਦਿਨੋ-ਦਿਨ ਮਜ਼ਦੂਰਾਂ ਉੱਪਰ ਵੱਧ ਰਹੇ ਜ਼ਬਰ ਵਿਰੁੱਧ ਡਟੀਏ।
ਨੌਜਵਾਨ ਭਾਰਤ ਸਭਾ