ਸ਼ਹੀਦ-ਏ-ਆਜ਼ਮ ਦੇ 100ਵੇਂ ਜਨਮ ਦਿਨ 'ਤੇ

ਇਨਕਲਾਬ ਜਿੰਦਾਬਾਦ                                                     ਸਾਮਰਾਜਵਾਦ ਮੁਰਦਾਬਾਦ
ਸ਼ਹੀਦ-ਏ-ਆਜ਼ਮ ਦੇ 100ਵੇਂ ਜਨਮ ਦਿਨ 'ਤੇ 
ਆਓ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਦਾ ਪ੍ਰਣ ਕਰੀਏ 

ਪਿਆਰੇ ਲੋਕੋ, 
 ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਉਣ ਵਾਲ਼ੀ 28 ਸਿਤੰਬਰ (2007) ਨੂੰ ਮਹਾਨ ਸ਼ਹੀਦ,  ਭਗਤ ਸਿੰਘ ਦਾ 100 ਵਾਂ ਜ਼ਨਮ ਦਿਨ ਹੈ। ਇਸ ਸਾਲ 23 ਮਾਰਚ ਨੂੰ ਭਗਤ ਸਿੰਘ ਦੀ ਸ਼ਹਾਦਤ ਦੇ 76 ਵਰ੍ਹੇ ਬੀਤ ਚੁੱਕੇ ਹਨ। ਭਗਤ ਸਿੰਘ ਦੀ ਬਹਾਦਰੀ ਅਤੇ ਕੁਰਬਾਨੀ ਤੋਂ ਪੂਰਾ ਭਾਰਤ ਜਾਣੂ ਹੈ, ਪਰ ਇਸ ਦੇਸ਼ ਦੇ ਪੜ੍ਹੇ ਲਿਖੇ ਲੋਕ ਵੀ ਇਹ ਨਹੀਂ ਜਾਣਦੇ ਕਿ 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਫ਼ਾਸੀ ਦਾ ਰੱਸਾ ਚੁੰਮਣ ਵਾਲ਼ਾ ਉਹ ਜਾਂਬਾਜ਼ ਨੌਜਵਾਨ ਕਿੰਨਾ ਪ੍ਰਤਿਭਾਵਾਨ ਅਤੇ ਦੂਰਦਰਸ਼ੀ ਵਿਚਾਰਕ ਸੀ। ਕੌਮੀ ਲਹਿਰ ਵੇਲ਼ੇ ਭਗਤ ਸਿੰਘ ਵਲੋਂ ਗੁੰਜਾਇਆ ਗਿਆ 'ਇਨਕਲਾਬ ਜਿੰਦਾਬਾਦ' ਦਾ ਨਾਅਰਾ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਦੇ ਲੋਕਾਂ ਦੀ ਜ਼ਬਾਨ ਉੱਤੇ ਹੈ। ਭਗਤ ਸਿੰਘ ਦੇ ਸ਼ਬਦਾਂ ਵਿੱਚ, ''ਇਨਕਲਾਬ ਉਹ ਅਜ਼ਾਦੀ ਲਿਆਵੇਗਾ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਸੁੱਟ ਅਸੰਭਵ ਹੋ ਜਾਵੇਗੀ। .......ਜਦ ਤੱਕ ਸਮਾਜਵਾਦੀ ਲੋਕਰਾਜ ਸਥਾਪਿਤ ਨਹੀਂ ਹੋ ਜਾਂਦਾ ਅਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੀ ਥਾਂ ਉੱਤੇ ਖ਼ੁਸ਼ਹਾਲ਼ੀ ਉੱਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖ 'ਤੇ ਅਸਲ ਅਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੇ ਨਿਡਰਤਾ, ਬਹਾਦਰੀ ਅਤੇ ਅਟੱਲ ਇਰਾਦੇ ਨਾਲ਼ ਲੜੀ ਜਾਂਦੀ ਰਹੇਗੀ।''
ਪਰ 1947 ਤੋਂ ਬਾਅਦ ਭਾਰਤ ਵਿੱਚ ਜੋ ਸਮਾਜ ਉੱਸਰਿਆ, ਉਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ, ਬਰਾਬਰਤਾ ਅਧਾਰਤ ਸਮਾਜ ਨਹੀਂ ਸੀ। ਇਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਨਹੀਂ ਸੀ। ਇਹ ਮਹਾਨ ਸ਼ਹੀਦਾਂ ਦੇ ਸੁਪਨਿਆਂ ਨਾਲ਼ ਧਰੋਹ ਸੀ। ਹਾਲ਼ੇ ਕੁਝ ਦਿਨ ਪਹਿਲਾਂ ਹੀ ਭਾਰਤੀ ਹਾਕਮ ਅਖੌਤੀ ਅਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਕੇ ਹਟੇ ਹਨ। ਇਹਨਾਂ 60 ਸਾਲਾਂ ਦਾ ਕੁੱਲ ਲੇਖਾ ਜੋਖਾ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਇੱਥੇ ਮੁੱਠੀ ਭਰ ਧਨਾਢਾਂ ਲਈ ਤਾਂ ਸਵਰਗ ਉੱਸਰਿਆ ਹੈ ਜਦ ਕਿ ਕਰੋੜਾਂ ਕਿਰਤੀ ਲੋਕਾਂ ਨੂੰ ਨਰਕ ਤੋਂ ਵੀ ਭੈੜੀ ਜ਼ਿੰਦਗੀ ਨਸੀਬ ਹੋਈ ਹੈ। ਜਿੱਥੇ ਉਪਰਲੀ ਵੀਹ ਫ਼ੀਸਦੀ ਅਬਾਦੀ ਅੱਯਾਸ਼ੀ ਅਤੇ ਵਿਲਾਸਤਾ ਭਰਭੂਰ ਜ਼ਿੰਦਗੀ ਜੀ ਰਹੀ ਹੈ ਉੱਥੇ ਬਾਕੀ ਅੱਸੀ ਫ਼ੀਸਦੀ ਅਬਾਦੀ ਗਰੀਬੀ, ਬੇਰੁਜ਼ਗਾਰੀ, ਥੁੜ੍ਹਾਂ, ਜਬਰ ਅਨਿਆਂ ਦੀ ਚੱਕੀ ਵਿੱਚ ਪਿਸ ਰਹੀ ਹੈ। ਇਹਨਾਂ 60 ਸਾਲਾਂ ਵਿੱਚ ਅਮੀਰ-ਗਰੀਬ ਦਾ ਪਾੜਾ ਸਭ ਹੱਦਾਂ ਬੰਨੇ ਟੱਪ ਚੁੱਕਾ ਹੈ। ਅੱਜ ਇਸ ਦੇਸ਼ ਦੀ ਅੱਧੀ ਕਿਰਤ ਸ਼ਕਤੀ ਲੱਗਭਗ 20 ਕਰੋੜ ਲੋਕ ਬੇਰੁਜ਼ਗਾਰ ਹਨ। ਹੁਣ ਪੱਕੇ ਰੁਜ਼ਗਾਰ ਦੇ ਮੌਕੇ ਲਗਭਗ ਖ਼ਤਮ ਹੁੰਦੇ ਜਾ ਰਹੇ ਹਨ। ਠੇਕੇ-ਦਿਹਾੜੀ 'ਤੇ ਜਿਹਨਾਂ ਨੂੰ ਰੁਜ਼ਗਾਰ ਮਿਲ ਵੀ ਰਿਹਾ ਹੈ, ਛਾਂਟੀ ਦੀ ਤਲ਼ਵਾਰ ਹਰ ਵਕਤ ਉਹਨਾਂ ਦੇ ਸਿਰ 'ਤੇ ਲਟਕਦੀ ਰਹਿੰਦੀ ਹੈ। ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਨਸ਼ਿਆਂ ਵਿੱਚ ਜਵਾਨੀਆਂ ਗਾਲ਼ ਰਹੇ ਹਨ। ਖੁਦਕੁਸ਼ੀਆਂ ਕਰ ਰਹੇ ਹਨ। ਇੱਕ ਪਾਸੇ ਜਿੱਥੇ ਕੰਮ ਕਰਨ ਯੋਗ ਲੋਕ ਬੇਰੁਜ਼ਗਾਰ ਘੁੰਮ ਰਹੇ ਹਨ, ਉੱਥੇ ਹੀ ਇਸ ਦੇਸ਼ ਵਿੱਚ 10 ਕਰੋੜ ਬਾਲ ਮਜ਼ਦੂਰ ਹਨ। ਅੱਜ ਸਾਡਾ ਦੇਸ਼ ਨਿਘਾਰ ਦੀਆਂ ਸਭ ਹੱਦਾਂ ਬੰਨੇ ਟੱਪ ਗਿਆ ਹੈ। ਅੱਜ ਇਸ ਦੇਸ਼ ਵਿੱਚ ਗੁੰਡੇ ਬਦਮਾਸ਼ ਸਿਆਸਤਦਾਨ ਬਣ ਗਏ ਹਨ ਅਤੇ ਸਿਆਸਤਦਾਨ ਗੁੰਡੇ-ਅਪਰਾਧੀ। ਦੇਸ਼ ਦੀ ਰਾਜ ਸੱਤਾ 'ਤੇ ਅੱਜ ਇੱਕ ਤਰਾਂ ਮਾਫ਼ੀਆ ਗਰੋਹ ਕਾਬਜ਼ ਹਨ। ਦੇਸ਼ ਦੀ ਰਾਜਸੱਤਾ 'ਤੇ ਕਾਬਜ਼ ਇਸ ਅਪਰਾਧੀ-ਸਿਆਸਤਦਾਨ ਗੱਠਜੋੜ ਦੀ ਧਨ ਕਮਾਉਣ ਦੀ ਲਾਲਸਾ ਇਸ ਕਦਰ ਵਧ ਗਈ ਹੈ ਕਿ ਮਨੁੱਖੀ ਅੰਗਾਂ ਦਾ ਵਪਾਰ ਇੱਸ ਦੇਸ਼ ਵਿੱਚ ਬਹੁਤ ਵੱਡਾ ਕਾਰੋਬਾਰ ਬਣ ਚੁੱਕਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਦੇਸ਼ ਵਿੱਚ ਸਲਾਨਾਂ 45 ਹਜ਼ਾਰ ਬੱਚੇ ਗਾਇਬ ਹੁੰਦੇ ਹਨ, ਜਿਹਨਾਂ ਵਿੱਚ ਬਹੁਗਿਣਤੀ ਬੱਚਿਆਂ ਦੇ ਸਰੀਰਾਂ ਨੂੰ ਵੱਢ ਕੇ ਉਹਨਾਂ ਦੇ ਅੰਗ ਵੇਚੇ ਜਾਂਦੇ ਹਨ। ਦਿੱਲੀ ਦੇ ਕੋਲ਼ ਨਿਠਾਰੀ ਪਿੰਡ ਵਿੱਚ ਵਾਪਰੇ ਘਿਨਾਉਣੇ ਕਾਂਡ ਨੇ ਵਿਖਾ ਦਿੱਤਾ ਹੈ ਕਿ ਇਸ ਦੇਸ਼ ਵਿੱਚ ਬਰਬਰਤਾ ਕਿਸ ਹੱਦ ਤੱਕ ਵਧ ਚੁੱਕੀ ਹੈ। 
1947 ਵਿੱਚ ਇਸ ਦੇਸ਼ ਨੂੰ ਮਿਲ਼ੀ ਅਜ਼ਾਦੀ ਮੁੱਠੀ ਭਰ ਧਨਾਢਾਂ ਦੀ ਅਜ਼ਾਦੀ ਹੀ ਸਾਬਤ ਹੋਈ। 1947 ਤੋਂ ਬਾਅਦ 60 ਸਾਲਾਂ ਵਿੱਚ ਦੇਸ਼ੀ-ਵਿਦੇਸ਼ੀ ਕੰਪਨੀਆਂ ਸਾਡੇ ਦੇਸ਼ ਦੇ ਕਿਰਤੀ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਲੁੱਟ ਕੇ ਮਾਲਾ-ਮਾਲ ਹੋਈਆਂ ਹਨ। ਇਸ ਸਮੇਂ ਦੌਰਾਨ ਉੱਪਰਲੇ 22 ਸਰਮਾਏਦਾਰ ਘਰਾਣਿਆਂ ਦੀ ਧਨ ਦੌਲਤ ਵਿੱਚ 500 ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਟਾਟਿਆਂ, ਬਿਰਲਿਆਂ, ਅੰਬਾਨੀ ਭਰਾਵਾਂ ਦੀ ਦੌਲਤ 2 ਲੱਖ ਕਰੋੜ ਤੋਂ ਵੀ ਵੱਧ ਚੁੱਕੀ ਹੈ। ਦੇਸੀ ਲੁਟੇਰਿਆਂ ਨੇ ਤਾਂ ਇਸ ਦੇਸ਼ ਦੇ ਕਿਰਤੀ ਲੋਕਾਂ ਨੂੰ ਦੋਹੀਂ ਹੱਥੀਂ ਲੁੱਟਿਆ ਹੀ ਹੈ, ਇਸ ਦੇ ਨਾਲ਼-ਨਾਲ਼ 1947 ਤੋਂ ਹੀ ਸਾਡੇ ਦੇਸ਼ ਦੀ ਵਿਦੇਸ਼ੀ ਲੁੱਟ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੀ ਹੈ। ਅੱਜ ਭਾਰਤ ਦੀ ਕੌਮੀ ਆਮਦਨ ਦਾ ਲਗਭਗ 29% (ਤਿੰਨ ਲੱਖ ਕਰੋੜ ਤੋਂ ਵੀ ਵੱਧ) ਵਿਦੇਸ਼ੀ ਕੰਪਨੀਆਂ ਦੁਆਰਾ ਲੁੱਟ ਲਿਆ ਜਾਂਦਾ ਹੈ। 
ਇਹ ਹੈ ਅਜ਼ਾਦੀ ਦੇ 60 ਸਾਲ਼ ਬਾਅਦ ਦੇ ਭਾਰਤ ਦੀ ਤਸਵੀਰ। ਇਸ ਤਸਵੀਰ ਨੂੰ ਬਦਲਨਾ ਹੋਵੇਗਾ। ਭਾਰਤ ਦੀ ਇੱਕ ਨਵੀਂ ਤਸਵੀਰ ਬਣਾਉਣੀ ਹੋਵੇਗੀ ਜਿਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਡੇ ਹੋਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਦੇ ਰੰਗ ਭਰੇ ਹੋਣਗੇ। ਆਓ ਭਗਤ ਸਿੰਘ ਦੇ 100ਵੇਂ ਜਨਮ ਦਿਨ 'ਤੇ ਆਪਣੇ ਮਹਿਬੂਬ ਸ਼ਹੀਦ ਦੇ ਸੁਪਨਿਆਂ ਨੂੰ ਮਨੀਂ ਵਸਾਈਏ ਅਤੇ ਹਰ ਤਰਾਂ ਦੀ ਲੁੱਟ ਜ਼ਬਰ ਤੋਂ ਮੁਕਤ ਇੱਕ ਬਰਾਬਰੀ ਅਧਾਰਤ ਸਮਾਜ ਦੀ ਉਸਾਰੀ ਲਈ ਹੰਭਲ਼ਾ ਮਾਰੀਏ। ਆਓ ਉਸਦੀ ਅਵਾਜ਼ ਸੁਣੀਏ। ਭਗਤ ਸਿੰਘ ਨੇ ਕਿਹਾ ਸੀ, ''ਭਾਰਤੀ ਰੀਪਬਲਿਕ ਦੇ ਨੌਜਵਾਨੋ-ਨਹੀਂ ਸਿਪਾਹੀਓ-ਕਤਾਰਬੱਧ ਹੋ ਜਾਓ। ਆਰਾਮ ਨਾਲ ਨਾ ਖੜ੍ਹੇ ਹੋਵੋ। ਐਵੇਂ ਆਪਣੀਆਂ ਲੱਤਾਂ ਨਾ ਦਬਾਓ। ਲੰਬੀ ਦਲਿੱਦਰਤਾ ਜੋ ਤੁਹਾਨੂੰ ਨਕਾਰਾ ਕਰ ਰਹੀ ਹੈ, ਨੂੰ ਸਦਾ ਲਈ ਆਪਣੇ ਤੋਂ ਲਾਂਭੇ ਕਰ ਦਿਉ। ਤੁਹਾਡਾ ਬਹੁਤ ਹੀ ਨੇਕ ਮਿਸ਼ਨ ਹੈ। ਦੇਸ਼ ਦੇ ਹਰ ਕੋਨੇ ਅਤੇ ਦਿਸ਼ਾ ਵਿੱਚ ਖਿੱਲਰ ਜਾਓ ਅਤੇ ਭਵਿੱਖ ਦੇ ਇਨਕਲਾਬ ਲਈ ਜਿਸਦਾ ਆਉਣਾ ਨਿਸ਼ਚਿਤ ਹੈ, ਵਾਸਤੇ ਲੋਕਾਂ ਨੂੰ ਤਿਆਰ ਕਰੋ। ਫ਼ਰਜ਼ ਦੇ ਬਿਗਲ ਦੀ ਆਵਾਜ਼ ਸੁਣੋ। ਐਵੇਂ ਵਿਹਲਿਆਂ ਜ਼ਿੰਦਗੀ ਨਾ ਗੁਆਓ। ਵਧੋ! ਤੁਹਾਡੀ ਜ਼ਿੰਦਗੀ ਦਾ ਹਰ ਮਿੰਟ ਇਸ ਤਰ੍ਹਾਂ ਦੇ ਤਰੀਕੇ ਤੇ ਤਰਕੀਬਾਂ ਲੱਭਣ ਵਿੱਚ ਲੱਗਣਾ ਚਾਹੀਦਾ ਹੈ ਕਿ ਕਿਵੇਂ ਆਪਣੀ ਪੁਰਾਤਨ ਧਰਤੀ ਦੀਆਂ ਅੱਖਾਂ ਵਿੱਚ ਜਵਾਲ਼ਾ ਜਾਗੇ ਅਤੇ ਇੱਕ ਵੱਡੀ ਉਬਾਸੀ ਲੈ ਕੇ ਇਹ ਜਾਗੇ। ਸਾਮਰਾਜ ਦੇ ਖਿਲਾਫ਼ ਨੌਜਵਾਨਾਂ ਦੇ ਉਪਜਾਉ ਮਨਾਂ ਵਿੱਚ ਇੱਕ ਉਕਸਾਹਟ ਤੇ ਨਫ਼ਰਤ ਭਰ ਦਿਓ। ਐਸੇ ਬੀਜ਼ ਪਾਓ, ਜਿਹੜੇ ਉੱਗਣ ਅਤੇ ਵੱਡੇ ਦਰਖ਼ਤ ਬਣ ਜਾਣ ਕਿਉਂਕਿ ਇਹਨਾਂ ਬੀਜ਼ਾਂ ਨੂੰ ਤੁਸੀਂ ਆਪਣੇ ਗਰਮ ਖ਼ੂਨ ਦਾ ਪਾਣੀ ਪਾਵੋਗੇ। ਤਦ ਇੱਕ ਭਿਆਨਕ ਭੂਚਾਲ਼ ਆਵੇਗਾ ਜੋ ਵੱਡੇ ਧਮਾਕੇ ਨਾਲ ਗਲ਼ਤ ਚੀਜ਼ਾਂ ਬਰਬਾਦ ਕਰੇਗਾ ਅਤੇ ਸਾਮਰਾਜਵਾਦ ਦੇ ਮਹਿਲ ਨੂੰ ਕੁਚਲ਼ ਕੇ ਘੱਟੇ ਵਿੱਚ ਮਿਲਾ ਦੇਵੇਗਾ ਅਤੇ ਇਹ ਤਬਾਹੀ ਮਹਾਨ ਹੋਵੇਗੀ। ਉਦੋਂ ਅਤੇ ਸਿਰਫ਼ ਉਦੋਂ ਇਕ ਨਵੀਂ ਭਾਰਤੀ ਕੌਮ ਜਾਗੇਗੀ, ਜੋ ਇਨਸਾਨੀਅਤ ਨੂੰ ਹੈਰਾਨ ਕਰ ਦੇਵੇਗੀ, ਆਪਣੇ ਗੁਣਾਂ ਅਤੇ ਸ਼ਾਨ ਨਾਲ। ਸਿਆਣਾ ਅਤੇ ਤਾਕਤਵਰ, ਸਾਦਾ ਤੇ ਕਮਜ਼ੋਰ ਲੋਕਾਂ ਤੋਂ ਹੈਰਾਨ ਰਹਿ ਜਾਵੇਗਾ।
ਵਿਅਕਤੀਗਤ ਮੁਕਤੀ ਵੀ ਤਾਂ ਹੀ ਸੁਰੱਖਿਅਤ ਹੋਵੇਗੀ। ਕਿਰਤੀ ਦੀ ਸਰਦਾਰੀ ਤੇ ਪ੍ਰਭੂਸੱਤਾ ਨੂੰ ਸਤਿਕਾਰਿਆ ਜਾਵੇਗਾ। ਅਸੀਂ ਅਜਿਹੇ ਇਨਕਲਾਬ ਦੇ ਆਉਣ ਦਾ ਸੁਨੇਹਾ ਦੇ ਰਹੇ ਹਾਂ। ਇਨਕਲਾਬ ਅਮਰ ਰਹੇ!!!''
ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਹਿਦ ਕਰਨ ਲਈ 
ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ
23 ਸਤੰਬਰ 2007, ਦਿਨ ਐਤਵਾਰ ਨੂੰ ਲੁਧਿਆਣਾ ਪਹੁੰਚੋ
ਸਥਾਨ — ਹਨੂੰਮਾਨ ਜੰਝ ਘਰ, ਜਵਾਹਰ ਨਗਰ ਕੈਂਪ, ਨੇੜੇ ਬੱਸ ਸਟੈਂਡ
ਸਮਾਂ — ਸਵੇਰੇ 10 ਵਜੇ 
ਜਾਰੀ ਕਰਤਾ 
ਸੂਬਾ ਕਮੇਟੀ  ਨੌਜਵਾਨ ਭਾਰਤ ਸਭਾ