ਬੱਚਿਆਂ ਦੇ ਚੰਗੇ ਮਾਨਸਿਕ ਤੇ ਸਰੀਰਿਕ ਵਿਕਾਸ ਤੋਂ ਬਿਨਾਂ ਪੂਰੇ ਮਨੁੱਖੀ ਸਮਾਜ ਦੇ
ਬਿਹਤਰ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਅਜੋਕੇ ਸਮੇਂ ਵਿੱਚ
ਬੱਚਿਆਂ ਵੱਲ ਧਿਆਨ ਦੇਣਾ -ਉਹਨਾਂ ਨੂੰ ਸੰਵੇਦਨਸ਼ੀਲ ਬਨਾਉਣਾ, ਮਨੁੱਖੀ ਭਾਵਨਾਵਾਂ ਨਾਲ
ਲੈਸ ਕਰਨਾ, ਸਮਾਜਿਕ ਸਰੋਕਾਰਾਂ ਲਈ ਕੰਮ ਕਰਨ ਵਾਲੀ ਕਿਸੇ ਵੀ ਜਥੇਬੰਦੀ ਲਈ ਕਾਫੀ
ਮਹੱਤਵਪੂਰਨ ਹੈ। ਕਿਉਂਕਿ ਅੱਜ ਦੇ ਮੀਡੀਆ ਦੁਆਰਾ ਸਮਾਜ ਦੇ ਜਿਸ ਹਿੱਸੇ ਨੂੰ ਸਭ ਤੋਂ ਵੱਧ
ਪ੍ਰਭਾਵਿਤ ਕੀਤਾ ਜਾ ਰਿਹਾ ਹੈ-ਉਹ ਹਨ ਅੱਜ ਦੇ ਬੱਚੇ। ਮੀਡੀਆ ਦੁਆਰਾ ਲਗਾਤਾਰ ਲੱਚਰ
ਸੱਭਿਆਚਾਰ ਪ੍ਰੋਸ ਕੇ ਬੱਚਿਆਂ ਦੇ ਕੋਮਲ ਮਨਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਉਹਨਾਂ
ਨੂੰ ਲਗਾਤਾਰ ਅਵਿਗਿਆਨਕਤਾ, ਧਾਰਮਿਕ ਕੱਟੜਤਾ, ਅਸ਼ਲੀਲਤਾ ਤੇ ਸੰਵੇਦਨਹੀਣਤਾ ਦੀਆਂ
ਜ਼ਹਿਰੀਲੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਬੱਚਿਆਂ ਦੀ ਕਲਪਨਾਸ਼ੀਲਤਾ, ਉਡਾਰ
ਮਨ ਤੇ ਉਹਨਾਂ ਦੀ ਬੇਮੁਹਾਰ ਊਰਜਾ ਦਾ ਭੋਗ ਪਾਇਆ ਜਾ ਰਿਹਾ ਹੈ। ਮੀਡੀਆ ਦੇ ਸਭ ਤੋਂ
ਪ੍ਰਭਾਵੀ ਸੰਦ ਟੈਲੀਵਿਜ਼ਨ ਦੁਆਰਾ ਬੱਚਿਆਂ ਨੂੰ 'ਆਪਾ ਕੇਂਦਰਿਤ' ਬਣਾਇਆ ਜਾ ਰਿਹਾ ਹੈ ਤੇ
ਉਹਨਾਂ ਨੂੰ ਹਰ ਤਰਾਂ ਦੇ ਸਮਾਜਿਕ ਸਰੋਕਾਰਾਂ ਨਾਲੋਂ ਤੋੜਿਆ ਜਾ ਰਿਹਾ ਹੈ। ਤਾਂ ਇਸ
ਬੱਚਿਆਂ ਤੇ ਹੋਇਆ ਚੌਮੁਖਾ ਹਮਲਾ ਅਸਲ 'ਚ ਸਾਡੇ ਭਵਿੱਖ ਤੇ ਹਮਲਾ ਹੈ। ਇਸ ਲਈ ਬੱਚਿਆਂ
ਨੂੰ ਕਾਰਟੂਨਾਂ, ਕਾਮਿਕਸਾਂ ਤੇ ਹੋਰ ਘਟੀਆ ਸੱਭਿਆਚਾਰਕ ਸ੍ਰੋਤਾਂ ਦੇ ਬਰਕਸ ਉਹਨਾਂ ਦੀਆਂ
ਸਿਰਜਣਾਤਮਕ ਪ੍ਰਤਿਭਾਵਾਂ ਜਿਵੇਂ ਚਿੱਤਰਕਲਾ, ਸੰਗੀਤ, ਸਿਨੇਮਾ, ਨਾਟਕ, ਪਰੀ ਕਹਾਣੀਆਂ
ਘੜਨੀਆਂ, ਸਾਹਿਤ ਪੜਨਾ ਤੇ ਇਸਤੋਂ ਇਲਾਵਾ ਹੋਰ ਇਨਸਾਨੀ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੀ
ਲੋੜ ਹੈ। ਇਸੇ ਵਿਚਾਰ ਨੂੰ ਪ੍ਰਣਾਕੇ ਪਿੰਡ ਪੱਖੋਵਾਲ ਵਿੱਚ ਨੌਜਵਾਨ ਭਾਰਤ ਸਭਾ ਨੇ
ਗਰਮੀਆਂ ਦੀਆਂ ਛੁੱਟੀਆਂ ਵਿੱਚ 19 ਤੋਂ ਲੈਕੇ 26 ਜੂਨ ਤੱਕ ਬਾਲ ਸਿਰਜਣਾਤਮਕ ਕੈਂਪ
ਲਗਾਇਆ। ਇਸ ਕੈਂਪ ਵਿੱਚ ਤਕਰੀਬਨ 65 ਬੱਚਿਆਂ ਨੇ ਹਿੱਸਾ ਲਿਆ-ਜਿਨਾਂ ਵਿੱਚ ਵੱਡੀ ਗਿਣਤੀ
ਮਜ਼ਦੂਰਾਂ ਦੇ ਬੱਚਿਆਂ ਦੀ ਸੀ। ਹਫਤਾ ਭਰ ਚੱਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਨਾਟਕ,
ਗੀਤ-ਸੰਗੀਤ, ਚਿੱਤਰਕਲਾ, ਤਾਇਕਵਾਂਡੋ, ਕਵਿਤਾ ਉਚਾਰਣ ਅਤੇ ਨਾਚ ਵਰਗੀਆਂ ਕਲਾਵਾਂ
ਸਿਖਾਈਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੂੰ ਸੰਵੇਦਨਸ਼ੀਲ ਬਨਾਉਣ, ਮਨੁੱਖੀ ਕਦਰਾਂ ਨਾਲ
ਭਰਨ ਤੇ ਚੰਗੇ ਨਾਗਰਿਕ ਗੁਣਾਂ ਨੂੰ ਸਿਖਾਉਣ ਲਈ ਲਗਾਤਾਰ ਗੱਲਬਾਤ ਜ਼ਰੀਏ ਪ੍ਰੇਰਿਤ ਕੀਤਾ
ਗਿਆ। ਇਸ ਸਿਖਲਾਈ ਦੇ ਨਾਲ ਨਾਲ ਬੱਚਿਆਂ ਨੂੰ ਕੁਝ ਚੰਗੀਆਂ ਫਿਲਮਾਂ ਵੀ ਵਿਖਾਈਆਂ ਗਈਆਂ।
ਕੈਂਪ ਦੇ ਅਖੀਰਲੇ ਦਿਨ 26 ਜੂਨ ਨੂੰ ਹੋਏ ਸਮਾਪਤੀ ਸਮਾਰੋਹ ਵਿੱਚ ਬੱਚਿਆਂ ਵੱਲੋਂ ਤਿਆਰ
ਨਾਟਕ, ਕਵਿਤਾਵਾਂ, ਨਾਚ, ਸਮੂਹ ਗੀਤ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਨਾਟਕ 'ਟੋਆ' ਤੇ
ਰਵਿੰਦਰਨਾਥ ਠਾਕੁਰ ਦੀ ਕਹਾਣੀ 'ਤੇ ਅਧਾਰਿਤ ਨਾਟਕ 'ਤੋਤਾ' ਦੀ ਪੇਸ਼ਕਾਰੀ ਕੀਤੀ ਗਈ।
ਬੱਚਿਆਂ ਦੁਆਰਾ ਤਿਆਰ ਕੀਤੀਆਂ ਚਿੱਤਕਾਰੀਆਂ ਦੀ ਵੀ ਪ੍ਰਦਰਸ਼ਨੀ ਲਗਾਈ +ਗਈ। ਸਮਾਪਤੀ
ਸਮਾਰੋਹ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਦੇ
ਵੀ ਕਈ ਲੋਕ ਹਾਜ਼ਰ ਸਨ। ਸਮਾਰੋਹ ਦੇ ਅੰਤ 'ਚ ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ
ਨੇ ਕਿਹਾ ਕਿ ਇੱਕ ਬਿਹਤਰ ਭਵਿੱਖ ਲਈ ਬੱਚਿਆਂ ਨੂੰ ਸੰਭਾਲਣਾ ਬਹੁਤ ਜਰੂਰੀ ਹੈ। ਅੱਜ ਦੇ
ਸੱਭਿਆਚਾਰਕ ਗੰਧਲੇਪਣ ਤੋਂ ਬਚਾਉਣ ਲਈ ਉਹਨਾਂ ਬੱਚਿਆਂ ਅੰਦਰ ਪੁਸਤਕ ਸੱਭਿਆਚਾਰ ਵਿਕਸਤ
ਕਰਨ ਦੀ ਗੱਲ ਤੇ ਜੋਰ ਦਿੱਤਾ। ਸਮਾਰੋਹ ਦੇ ਅੰਤ ਵਿੱਚ ਸਿਰਜਣਾਤਮਕ ਕੈਂਪ 'ਚ ਹਿੱਸਾ ਲੈਣ
ਵਾਲੇ ਸਾਰੇ ਬੱਚਿਆਂ ਨੂੰ ਇਨਾਮ ਦੇ ਰੂਪ ਵਿੱਚ ਕਿਤਾਬਾਂ ਦਿੱਤੀਆਂ ਗਈਆਂ।

+