Thursday, May 15, 2014

'ਨੌਜਵਾਨ ਭਾਰਤ ਸਭਾ' ਨੇ ਚਲਾਈ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਚੋਣ ਸਿਆਸਤ ਦੀ ਪੋਲ ਖੋਲ ਮੁਹਿੰਮ

ਚੋਣਾਂ ਨੇ ਨਹੀਂ ਲਾਉਣਾ ਪਾਰ,                 ਲੜਨਾ ਪੈਣਾ ਬੰਨ ਕਤਾਰ।

''ਲੋਕਾਂ ਦੀ ਮੁਕਤੀ ਦਾ ਰਾਹ ਚੋਣਾਂ ਨਹੀਂ, ਇਨਕਲਾਬ ਹੈ''

              16ਵੀਆਂ ਲੋਕ ਸਭਾ ਚੋਣਾਂ ਪੂਰੇ ਭਾਰਤ 'ਚ ਭੁਗਤ ਚੁੱਕੀਆਂ ਹਨ। ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਡੱਡੂ ਚੋਣਾਂ ਦੀ ਬਰਸਾਤ 'ਚ ਟਰੈਂ-ਟਰੈਂ ਕਰਨ ਤੋਂ ਬਾਅਦ ਫਿਰ ਆਪਣੀਆਂ ਖੁੱਡਾਂ 'ਚ ਵਾਪਸ ਚਲੇ ਗਏ ਹਨ। ਸਮੁੱਚੀ ਸਰਕਾਰੀ ਮਸ਼ੀਨਰੀ ਤੋਂ ਲੈਕੇ ਨਿੱਜੀ ਕੰਪਨੀਆਂ, ਗਾਇਕ, ਕਲਾਕਾਰ, ਸਰਮਾਏਦਾਰਾਂ-ਸਾਮਰਾਜੀਆਂ ਦੇ ਟੁੱਕੜਬੋਚ ਦੇ ਤੇ ਇੱਥੋਂ ਤੱਕ ਕੁਝ ਸਾਬਕਾ ਕਾਮਰੇਡ ਵੀ ਵੋਟ ਦੇ 'ਪਵਿੱਤਰ ਹੱਕ' ਦੀ ਵਰਤੋਂ ਕਰਨ ਦੀ ਦੁਹਾਈ ਦਿੰਦੇ ਨਜਰੀਂ ਆਏ। ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਮਸ਼ਹੂਰੀਆਂ-ਵਿਗਿਆਪਨਾਂ 'ਤੇ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਵੋਟਾਂ ਆਪਣੇ ਹੱਕ 'ਚ ਭੁਗਤਾਉਣ ਵਾਸਤੇ ਸਾਰੀਆਂ ਪਾਰਟੀਆਂ ਦੇ ਲੀਡਰ ਪਿੰਡਾਂ-ਕਸਬਿਆਂ-ਸ਼ਹਿਰਾਂ 'ਚ ਅੱਡ-ਅੱਡ ਥਾਈਂ 'ਤੂਫਾਨੀ ਦੌਰੇ' ਕਰਦੇ ਵਿਖੇ। ਇਹਨਾਂ ਚੋਣ ਮਦਾਰੀਆਂ ਵੱਲੋਂ ਲੋਕਾਂ ਨੂੰ 16ਵੀਂ ਵਾਰ ਮੂਰਖ ਬਨਾਉਣ ਲਈ ਇੱਕ ਵਾਰ ਫਿਰ ਤੋਂ ਆਪਣਾ ਟਿੱਲ ਲਾਇਆ ਗਿਆ। ਚੋਣ ਕਮਿਸ਼ਨ ਨੇ ਇਸ ਵਾਰ ਆਪਣੇ ਆਪ ਨੂੰ ਪਹਿਲਾਂ ਤੋਂ ਜ਼ਿਆਦਾ ਨਿਰਪੱਖ ਤੇ ਲੋਕਤੰਤਰ ਦਾ ਸੱਚਾ ਰਾਖਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੀ ਕਵਾਇਦ ' ਇਹਨੇ ਆਪਣਾ ਨਿਰਪਖੀ ਰੰਗ ਕਾਇਮ ਰੱਖਣ ਲਈ ਦੋ-ਚਾਰ ਲੀਡਰਾਂ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਸਤੇ ਨਪੁੰਸਕ ਨੋਟਿਸ ਵੀ ਭੇਜੇ ਤੇ ਆਪਣੇ ਫਰਜ, ਲੋਕਾਂ ਨੂੰ ਇਸ ਲੋਕਤੰਤਰ ਦੇ ਧੋਖੇ ਨੂੰ ਬਰਕਰਾਰ ਰੱਖਣ ਦਾ ਫਰਜ, ਨੂੰ ਬਖੂਬੀ ਨਿਭਾਇਆ। ਪਰ ਉਹ ਅਜਿਹਾ ਕਰੇ ਵੀ ਕਿਉਂ ਨਾ? - ਕਿਉਂਕਿ ਲੋਕ ਪਿਛਲੇ 67 ਸਾਲਾਂ 'ਚ ਇਸ ਅਖੌਤੀ ਲੋਕਤੰਤਰ ਨੂੰ ਖੂਬ ਮਾਣ ਚੁੱਕੇ ਹਨ, ਤੇ ਲੋਕਤੰਤਰ ਦੇ ਤੋਹਫਿਆਂ(ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ) ਨੇ ਲੋਕਾਂ ਦੇ ਸਬਰ ਦਾ ਪਿਆਲਾ ਨੱਕ ਤੱਕ ਕਰ ਦਿੱਤਾ ਹੈ। ਮੁਨਾਫੇ ਦੀ ਅੰਨੀ ਹਵਸ 'ਚ ਲੋਕਤੰਤਰ ਦਾ ਨਕਾਬ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕਾ ਹੈ। 

No comments:

Post a Comment