
ਦੋ ਦਿਨ ਪਹਿਲਾਂ ਹੀ ਮਿਸਰ ਦੇ ਤਾਨਾਸ਼ਾਹ ਰਾਸ਼ਟਰਪਤੀ ਨੇ 32 ਸਾਲ ਦੇ ਸੱਤਾ ਸੁੱਖ ਭੋਗਣ ਤੋਂ ਬਾਅਦ ਲੋਕ ਲਹਿਰ ਦੇ ਅੱਗੇ ਗੋਡੇ ਟੇਕਦੇ ਹੋਏ ਮਿਸਰ ਨੂੰ ਫੌਜੀ ਤਾਨਾਸ਼ਾਹੀ ਅਧੀਨ ਛੱਡਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮਿਸਰ ਦੇ ਲੋਕ ਜਮਹੂਰਿਅਤ ਵੱਲ ਕਦਮ ਵਧਾਉਣਗੇ ਇਸਦੀ ਅਸੀਂ ਆਸ ਕਰਦੇ ਹਾਂ। ਭਾਰਤ ਵਿੱਚ ਵੀ ਲਗਭਗ ਸਾਰੀਆਂ ਜਮਹੂਰੀ ਤਾਕਤਾਂ ਨੇ ਹੋਸਨੀ ਮੁਬਾਰਕ ਦੇ ਸੱਤਾ ਤੋਂ ਲਾਹੇ ਜਾਣ ਦੀ ਜਮਕੇ ਪ੍ਰਸ਼ੰਸਾ ਕੀਤੀ ਹੈ। ਪਰ ਇਸ ਦੇ ਨਾਲ਼ ਹੀ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਮਿਸਰ ਦੀ ਸਾਰੀ ਲੋਕ ਲਹਿਰ ਉੱਤੇ ਧਾਰਮਿਕ ਵੱਖਵਾਦੀ ਕਾਬਜ਼ ਹਨ। ਮੁਬਾਰਕ ਦੀ ਤਾਨਾਸ਼ਾਹੀ ਸੱਤਾ ਦਾ ਖਾਤਮਾ ਇੱਕ ਸਵਾਗਤਯੋਗ ਕਦਮ ਹੈ ਪਰ ਇਸ ਤੋਂ ਜ਼ਿਆਦਾ ਆਸ ਪਾਲਣੀ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।
ਇਹ ਸਾਰਾ ਵਿਦਰੋਹ ਜਿਸ ਆਰਥਿਕ ਮੰਦਵਾੜੇ ਵਿੱਚ ਉਪਜਿਆ ਉਹ ਜ਼ਰੂਰ ਮੰਚ ਤੋਂ ਗਾਇਬ ਕੀਤਾ ਜਾ ਰਿਹਾ ਹੈ। ਮਿਸਰ ਦੇ ਲੋਕਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਰਫ਼ ਮੁਬਾਰਕ ਨੂੰ ਸੱਤਾ ਤੋਂ ਲਾਹੁਣ ਨਾਲ਼ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਜਾਵੇਗਾ ਸਗੋਂ ਉਹਨਾਂ ਨੂੰ ਇਸ ਮੁਨਾਫੇ 'ਤੇ ਆਧਾਰਿਤ ਢਾਂਚੇ ਨੂੰ ਮੁੱਢੋਂ ਸੁੱਢੋਂ ਬਦਲਣ ਲਈ ਅੱਗੇ ਆਉਣਾ ਪਵੇਗਾ।
No comments:
Post a Comment