Wednesday, February 16, 2011

ਮਨੁੱਖਤਾ ਦੇ ਅੰਤ ਦੀ ਭਵਿੱਖਬਾਣੀ
- ਪ੍ਰਸ਼ਾਂਤ

          ਦੋਸਤੋ ਇੱਕ ਬਹੁਤ ਹੀ ਦੁਖਦਾਈ ਖ਼ਬਰ ਹੈ। ਇਨ੍ਹਾਂ ਦਿਨਾਂ 'ਚ ਹੀ ਵੱਖ-ਵੱਖ ਅਖ਼ਬਾਰਾਂ ਅਤੇ ਨਿਊਜ ਚੈਨਲਾਂ ਨੇ ਇਹ ਖ਼ਬਰ ਵਿਖਾਈ ਕਿ ਕਈ ਵਿਗਿਆਨੀਆਂ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲ਼ੇ 100 ਤੋਂ 200 ਵਰ੍ਹਿਆਂ ਅੰਦਰ ਕਈ ਜੀਵ- ਜੰਤੂਆਂ ਸਣੇ ਮਨੁੱਖ-ਜਾਤੀ ਇਸ ਧਰਤੀ ਤੋਂ ਖਤਮ ਹੋ ਜਾਵੇਗੀ। ਇਸਦੀ ਵਜ੍ਹਾ ''ਸਮੁੱਚੀ'' ਮਨੁੱਖ ਜਾਤੀ ਰਾਹੀਂ ਧਰਤੀ ਦੇ ਵਾਤਾਵਰਣ ਦਾ ਬੁਰੀ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਹੈ। ਇਨ੍ਹਾਂ ਦੀ ਮੰਨੀਏ ਤਾਂ ਹੁਣ ਮਨੁੱਖ ਜਾਤੀ ਨੂੰ ਬਚਾਉਣ ਦਾ ਇੱਕ ਹੀ ਰਾਹ ਹੈ। ਹੁਣੇ ਹੀ ਪ੍ਰਸਿੱਧ ਭੌਤਿਕ ਵਿਗਿਆਨੀ ਸਟੀਫ਼ਨ ਹਾਕਿੰਗ ਨੇ ਵੀ ਇਸ ਰਾਹ ਦਾ ਸਮਰਥਨ ਕੀਤਾ ਹੈ। ਇਹ ਰਾਹ ਹੈ ਪੁਲਾੜ 'ਚ ਕਿਸੇ ਹੋਰ ਗ੍ਰਹਿ 'ਤੇ ਇਨਸਾਨੀ ਬਸਤੀ ਵਸਾਉਣਾ। ਪਰ ਇਹ ਤਾਂ ਅਜੀਬ ਅਤੇ ਬੇਹੱਦ ਮਹਿੰਗਾ ਰਾਹ ਹੋਵੇਗਾ। ਜ਼ਾਹਿਰ ਜਿਹੀ ਗੱਲ ਹੈ ਜਿਹੜੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਪੀਣ ਲਈ ਮੁਫ਼ਤ ਪਾਣੀ ਨਹੀਂ ਉਪਲਬਧ ਕਰਾਉਂਦੀ, ਉਹ ਦੂਜੇ ਗ੍ਰਹਿ 'ਤੇ ਉਨ੍ਹਾਂ ਨੂੰ ਮੁਫ਼ਤ 'ਚ ਤਾਂ ਲੈ ਨਹੀਂ ਜਾਵੇਗੀ। ਤਦ ਤਾਂ ਜਿਨ੍ਹਾਂ ਕੋਲ਼ ਅਥਾਹ ਧਨ ਨਹੀਂ ਹੈ ਉਨ੍ਹਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਬਚਣ ਦਾ ਕੋਈ ਰਾਹ ਨਹੀਂ ਹੈ!
         ਜਦੋਂ ਤੋਂ ਮੈਂ ਇਹ ਖ਼ਬਰ ਪੜ੍ਹੀ ਇੱਕ ਅਜੀਬ ਜਿਹੀ ਨਿਰਾਸ਼ਾ ਨੇ ਜਿਵੇਂ ਮੈਨੂੰ ਆਪਣੇ ਸ਼ਿਕੰਜੇ 'ਚ ਕਸ ਲਿਆ ਹੈ। ਕਦੇ ਸੋਚਦਾ ਹਾਂ ਕਿ ਜਦੋਂ 100 ਸਾਲਾਂ 'ਚ ਮਨੁੱਖ ਜਾਤੀ ਨੇ ਖ਼ਤਮ ਹੋਣਾ ਹੀ ਹੈ ਤਾਂ ਕਿਉਂ ਨਾ ਮੈਂ ਆਪਣੀ ਜ਼ਿੰਦਗੀ  ਐਸ਼ੋ-ਅਰਾਮ ਨਾਲ਼, ਮੌਜ-ਮਸਤੀ ਕਰਦੇ ਹੋਏ ਜੀ ਲਵਾਂ? ਕੀ ਲੋੜ ਹੈ ਕਿਸੇ ਹੋਰ ਬਾਰੇ ਪਰਵਾਹ ਕਰਨ ਦੀ? ਫਿਰ ਖਿਆਲ 'ਚ ਆਇਆ ਕਿ ਕਿਉਂ ਨਾ ਮੈਂ ਢੇਰ ਸਾਰੀ ਧਨ-ਦੌਲਤ ਕਮਾਵਾਂ ਜਿਸ ਨਾਲ਼ ਕਿ ਮੇਰੀ ਆਉਣ ਵਾਲ਼ੀਆਂ ਪੀੜ੍ਹੀਆਂ ਵੀ ਪੁਲਾੜ ਵਿਮਾਨ ਅੰਦਰ ਨਾ ਸਹੀ, ਘੱਟੋ-ਘੱਟ ਲਟਕ ਕੇ ਤਾਂ ਦੂਜੇ ਗ੍ਰਹਿ 'ਤੇ ਪੁੱਜ ਜਾਣ!
          ਤਦ ਇੱਕ ਖਿਆਲ ਨੇ ਮੇਰੇ ਜ਼ਹਿਨ ਨੂੰ ਝੰਜੋੜ ਦਿੱਤਾ। ਕੀ ਉਹ ਮਾਂ-ਬਾਪ ਜਿਨ੍ਹਾਂ ਦੇ ਬੱਚੇ ਭੁੱਖ, ਕੁਪੋਸ਼ਣ ਅਤੇ ਬੀਮਾਰੀ ਨਾਲ਼ ਸੜਕਾਂ 'ਤੇ ਦਮ ਤੋੜਨ ਲਈ ਮਜਬੂਰ ਹੁੰਦੇ ਹਨ, ਇਸ ਤਰ੍ਹਾਂ ਸ਼ਾਤੀ ਨਾਲ਼ ਉਹ ਸਭ ਸਹਿੰਦੇ ਹੋਏ ਮਰਨਾ ਮਨਜੂਰ ਕਰਨਗੇ? ਕੀ 14-16 ਘੰਟੇ ਫੈਕਟਰੀਆਂ ਅਤੇ ਖੇਤਾਂ 'ਚ ਹੱਡ-ਭੰਨਵੀਂ ਮਿਹਨਤ ਕਰਨ ਮਗਰੋਂ ਬੜੀ ਮੁਸ਼ਕਲ ਨਾਲ਼ ਸਿਰਫ਼ ਜਿਊੰਦੇ ਰਹਿਣ ਲਈ ਖ਼ੁਰਾਕ ਜੁਟਾ ਸਕਣ ਵਾਲ਼ੇ ਮਜ਼ਦੂਰ ਅਤੇ ਕਿਸਾਨ ਬਿਲਕੁੱਲ ਚੁੱਪ-ਚਾਪ ਇਹ ਸਭ ਸਹਿੰਦੇ ਹੋਏ ਮੌਤ ਨੂੰ ਗਲ਼ੇ ਲਗਾ ਲੈਣਗੇ? ਕੀ ਨੌਜਵਾਨਾਂ ਦੇ ਦਿਲ ਇਸ ਤਰ੍ਹਾਂ ਪੱਥਰ ਬਣੇ ਰਹਿਣਗੇ ਅਤੇ ਉਹ ਇਹ ਸਭ ਕੁੱਝ ਤਮਾਸ਼ੇ ਵਾਂਗੂੰ ਵੇਖਦੇ ਰਹਿਣਗੇ? ਕੀ ਮਨੁੱਖੀ ਚੇਤਨਾ 'ਚ ਇੰਨੇ ਵਿਕਾਸ ਮਗਰੋਂ ਉਹ ਇਸ ਧਰਤੀ ਨੂੰ ਇੰਞ ਹੀ ਤਬਾਹ ਹੋਣ ਦੇਣਗੇ? ਤਰਕ ਦੀ ਕਸੌਟੀ 'ਤੇ ਇਹ ਸੋਚਣਾ ਕੁੱਝ ਸਹੀ ਨਹੀਂ ਲੱਗਦਾ।
              ਇਹ ਅੱਜ ਦਾ ਸੱਚ ਹੈ ਕਿ ਇਸ ਪੂੰਜੀਵਾਦੀ ਢਾਂਚੇ ਨੇ, ਆਪਣੀਆਂ-ਆਪਣੀਆਂ ਆਲੀਸ਼ਾਨ ਲਗਜ਼ਰੀ ਗੱਡੀਆਂ ਦੀਆਂ ਗੱਦੀਦਾਰ ਸੀਟਾਂ 'ਚ ਮੋਟੇ-ਮੋਟੇ ਢਿੱਡਾਂ ਨੂੰ ਲੈ ਕੇ ਧਸੇ ਧਨ-ਪਸ਼ੂਆਂ ਨੇ ਵੱਧ ਤੋਂ ਵੱਧ ਮੁਨਾਫ਼ਾ ਖੱਟਣ ਦੀ ਹਵਸ 'ਚ ਧਰਤੀ ਦੇ ਵਾਤਾਵਰਨ ਨੂੰ ਬੇਹਿਸਾਬ ਨੁਕਸਾਨ ਪਹੁੰਚਾਇਆ ਹੈ ਅਤੇ ਅਜੇ ਵੀ ਪਹੁੰਚਾ ਰਹੇ ਹਨ। ਪਰ ਇਸ ਨਾਲ਼ ਹੀ ਇਹ ਵੀ ਸੱਚ ਹੈ ਕਿ ਅੱਜ ਇਹ ਅਹਿਸਾਸ ਲੋਕਾਂ ਦੇ ਦਿਲਾਂ 'ਚ ਘਰ ਬਣਾ ਰਿਹਾ ਹੈ ਕਿ ਇਹ ਪ੍ਰਬੰਧ ਅੱਜ ਲਗਭਗ ਸਮੁੱਚੀ ਮਨੁੱਖਤਾ ਲਈ ਬੋਝ ਬਣ ਚੁੱਕਿਆ ਹੈ। ਅੱਜ ਇਹ ਪ੍ਰਬੰਧ ਮਨੁੱਖਤਾ ਨੂੰ ਕੁੱਝ ਵੀ ਚੰਗਾ ਦੇਣ ਦੀ ਆਪਣੀ ਤਾਕਤ ਗੁਆ ਚੁੱਕਿਆ ਹੈ। ਹੁਣ ਇਸਦੀ ਜਗ੍ਹਾ ਇਤਿਹਾਸ ਦੇ ਕੂੜੇਦਾਨ 'ਚ ਹੀ ਹੈ ਅਤੇ ਇਸ ਤੋਂ ਪਹਿਲਾਂ ਕਿ ਪੂੰਜੀਵਾਦ ਧਰਤੀ ਦੇ ਵਾਤਾਵਰਨ ਨੂੰ ਮਨੁੱਖ-ਜਾਤੀ ਦੇ ਰਹਿਣ ਲਾਇਕ ਨਾ ਛੱਡੇ, ਇਹ ਪ੍ਰਬੰਧ ਉਖਾੜ ਸੁੱਟਿਆ ਜਾਵੇਗਾ। ਮਨੁੱਖ-ਜਾਤੀ ਨੇ ਇਸ ਤੋਂ ਪਹਿਲਾਂ ਵੀ ਜ਼ੁਲਮ ਅਤੇ ਲੁੱਟ ਦੇ ਹਨ੍ਹੇਰੇ 'ਚ ਡੁੱਬੇ ਸਮਾਜਿਕ ਪ੍ਰਬੰਧਾਂ ਨੂੰ ਨਸ਼ਟ ਕੀਤਾ ਹੈ ਅਤੇ ਉੱਨਤੀ ਵੱਲ ਕਦਮ ਵਧਾਏ ਹਨ। ਮਨੁੱਖੀ ਸੱਭਿਅਤਾ ਦਾ ਇਤਿਹਾਸ ਅਜਿਹੇ ਵਿਦਰੋਹਾਂ ਜਾਂ ਜੰਗਾਂ ਨਾਲ਼ ਭਰਿਆ ਹੋਇਆ ਹੈ। ਉਹ ਭਾਵੇਂ ਸਪਾਰਟਾ ਦੇ ਗੁਲਾਮਾਂ ਦਾ ਆਪਣੇ ਮਾਲਕਾਂ ਵਿਰੁੱਧ ਵਿਦਰੋਹ ਹੋਵੇ, ਯੂਰਪ 'ਚ ਬਰਬਰਤਾਪੂਰਣ ਜਾਂ ਖੂਹ ਦੇ ਡੱਡੂਪੁਣੇ ਨਾਲ਼ ਭਰਪੂਰ ਅਤੇ ਸਦੀਆਂ ਲੰਮੇ ਚੱਲੇ ਹਨ੍ਹੇਰਮਈ ਮੱਧਯੁੱਗ ਦੀ ਜੜ੍ਹਤਾ ਦਾ ਖ਼ਾਤਮਾ ਹੋਵੇ ਜਾਂ ਫਿਰ ਬਸਤੀਆਂ ਦਾ ਅੰਤ। ਹਰ ਸਮੇਂ ਮਨੁੱਖ-ਜਾਤੀ ਨੇ ਆਪਣੀ ਪ੍ਰਗਤੀਸ਼ੀਲਤਾ ਅਤੇ ਜੁਝਾਰੂਪਣ ਤੋਂ ਜਾਣੂ ਕਰਵਾਇਆ ਹੈ ਅਤੇ ਅੱਜ ਜਦੋਂ ਇਸ ਪੂੰਜੀਵਾਦ ਨੇ ਖ਼ੁਦ ਮਨੁੱਖ-ਜਾਤੀ ਦੀ ਹੋਂਦ ਲਈ ਹੀ ਖ਼ਤਰਾ ਪੈਦਾ ਕਰ ਦਿੱਤਾ ਹੈ ਤਾਂ ਕਿ ਇਸ ਸੰਪੂਰਣ ਧਰਤੀ 'ਤੇ ਅਗਾਂਹਵਧੂ ਮਨੁੱਖ ਅਤੇ ਸਮੁੱਚੀ ਲੁਟੀਂਦੀ ਵਸੋਂ ਇਸ ਵਿਨਾਸ਼ ਦਾ ਬਹਿ ਕੇ ਸਿਰਫ਼ ਤਮਾਸ਼ਾ ਵੇਖਦੀ ਰਹੇਗੀ? ਕੀ ਉਹ ਆਪਣਾ ਸਦੀਆਂ ਲੰਮਾ ਜੁਝਾਰੂਪਣ ਛੱਡ ਦੇਣਗੇ?
             ਜ਼ਾਹਿਰਾ ਤੌਰ 'ਤੇ ਕੇਵਲ ਪੂੰਜੀਵਾਦ ਰਾਹੀਂ ਕੀਤੀ ਜਾ ਰਹੀ ਵਾਤਾਵਰਨ ਦੀ ਲੁੱਟ ਅਤੇ ਵਿਨਾਸ਼ ਨੂੰ ਇੱਕ-ਪਾਸੜ ਨਜ਼ਰੀਏ ਨਾਲ਼ ਵੇਖਣ 'ਤੇ ਤਾਂ ਇਹੀ ਲੱਗਦਾ ਹੋਵੇਗਾ ਕਿ ਆਉਣ ਵਾਲ਼ੇ ਕੁੱਝ ਸੌ ਵਰ੍ਹਿਆ 'ਚ ਮਨੁੱਖ-ਜਾਤੀ ਦਾ ਨਾਮੋਂ-ਨਿਸ਼ਾਨ ਮਿਟ ਜਾਵੇਗਾ ਅਤੇ ਜੇਕਰ ਇਹ ਪ੍ਰਬੰਧ ਨਹੀਂ ਬਦਲਿਆ ਗਿਆ ਤਾਂ ਨਿਸ਼ਚਿਤ ਤੌਰ 'ਤੇ ਅਜਿਹਾ ਹੋ ਜਾਵੇਗਾ। ਪਰ ਮਨੁੱਖੀ ਸੱਭਿਅਤਾ ਦਾ ਇਤਿਹਾਸ ਇਸ ਗੱਲ ਨੂੰ ਸਪੱਸ਼ਟ ਕਰ ਦਿੰਦਾ ਹੈ  ਕਿ ਜਦੋਂ-ਜਦੋਂ ਸਮਾਜ 'ਚ ਕਿਸੇ ਇਨਕਲਾਬੀ ਬਦਲਾਅ ਦੀ ਲੋੜ ਪੈਂਦੀ ਹੈ ਤਾਂ ਸਮਾਜ ਅੰਦਰੋਂ ਹਮੇਸ਼ਾ ਅਜਿਹੇ ਇਨਸਾਨ ਉੱਭਰ ਕੇ ਮੂਹਰੇ ਆਉਂਦੇ ਰਹੇ ਹਨ ਜਿਹੜੇ ਉਸ ਤਬਦੀਲੀ ਦੇ ਵਾਹਕ ਬਣਦੇ ਹਨ ਅਤੇ ਅਜੋਕੇ ਸਮੇਂ 'ਚ ਵੀ ਅਜਿਹਾ ਹੀ ਹੋਵੇਗਾ। ਆਪਣੇ ਬੰਦ ਕਮਰਿਆਂ 'ਚ ਬਹਿ ਕੇ ਸਿਰਫ਼ ਗਣਿਤ ਦੇ ਸੂਤਰਾਂ ਜਾਂ ਵਿਗਿਆਨ ਦੀਆਂ ਕਿਤਾਬਾਂ 'ਚ ਜੀਣ ਵਾਲ਼ੇ ਵਿਗਿਆਨੀ ਲਈ ਤਾਂ ਇਹ ਨਿਰਾਸ਼ ਹੋ ਕੇ ਬੈਠ ਜਾਣ ਅਤੇ ਰੋਣ-ਧੋਣ ਦੀ ਵਜ੍ਹਾ ਹੋ ਸਕਦੀ ਹੈ ਪਰ ਲੋਕਾਂ ਦੇ ਦੁੱਖ-ਦਰਦ ਵੇਖਣ ਅਤੇ ਮਹਿਸੂਸ  ਕਰਨ ਵਾਲ਼ੇ ਨੌਜਵਾਨ ਅਤੇ ਜਿੰਦਾ ਦਿਲ ਅਤੇ ਇਤਿਹਾਸਬੋਧ ਨਾਲ਼ ਲੈੱਸ ਲੋਕ ਜਾਣਦੇ ਹਨ ਕਿ ਪੂੰਜੀਵਾਦ ਮਨੁੱਖ-ਜਾਤੀ ਦਾ ਅੰਤ ਨਹੀਂ ਹੈ। ਇਹ ਪੂੰਜੀਵਾਦ ਦਾ ਅੰਤ-ਕਰੂ ਰੋਗ ਹੈ ਜਿਹੜਾ ਕਦੇ ਇਤਿਹਾਸ ਦੇ ਅੰਤ, ਵਿਚਾਰਧਾਰਾ ਦੇ ਅੰਤ ਦੇ ਐਲਾਨ ਦੇ ਰੂਪ 'ਚ ਤਾਂ ਕਦੇ ਮਨੁੱਖ-ਜਾਤੀ ਦੇ ਹੀ ਅੰਤ ਦੀ ਭਵਿੱਖਬਾਣੀ ਦੇ ਰੂਪ 'ਚ ਮੂਹਰੇ ਆਉਂਦਾ ਰਹਿੰਦਾ ਹੈ। ਮਨੁੱਖ-ਜਾਤੀ ਦਾ ਭਵਿੱਖ ਤਾਂ ਸੁੰਦਰਤਾ ਨਾਲ਼ ਭਰਪੂਰ ਹੈ।           
ਸਭ ਤੋਂ ਸੋਹਣਾ ਹੈ ਉਹ ਸਾਗਰ 
ਜਿਸਨੂੰ ਵੇਖਿਆ ਨਹੀਂ ਅਸੀਂ
ਸਭ ਤੋਂ ਸੋਹਣਾ ਹੈ ਉਹ ਬੱਚਾ 
ਜਿਹੜਾ ਅਜੇ ਤੱਕ ਵੱਡਾ ਨਹੀਂ ਹੋਇਆ
ਸਭ ਤੋਂ ਸੋਹਣੇ ਹਨ ਉਹ ਦਿਨ
ਜਿਨ੍ਹਾਂ ਨੂੰ ਅਜੇ ਜੀਵਿਆ ਨਹੀਂ ਅਸੀਂ,
ਉਹ ਬੇਪਨਾਹ ਸ਼ਾਨਦਾਰ ਗੱਲਾਂ,
ਜੋ ਨੂੰ ਸੁਣਾਉਣਾ ਚਾਹੁੰਦਾ ਹਾਂ
ਤੈਨੂੰ ਮੈਂ ਅਜੇ ਕਹੀਆਂ ਜਾਣੀਆਂ ਹਨ।
                         -ਨਾਜ਼ਿਮ ਹਿਕਮਤ

No comments:

Post a Comment