Monday, February 21, 2011

ਗੁਰਦਾਸ ਮਾਨ ਦੇ ਬਹਾਨੇ — ਬੀਤੇ ਦੇ ਹੇਰਵੇ 'ਤੇ ਕੁੱਝ ਟਿੱਪਣੀਆਂ
— ਅਜੇਪਾਲ


ਸਮਾਜ ਦੇ ਪੱਛੜੇ ਹਲਕਿਆਂ ਵਿੱਚ ਅੱਜਕੱਲ ਇੱਕ ਸ਼ੋਰ ਬਹੁਤ ਉੱਚਾ ਹੈ ਉਹ ਹੈ 'ਸੱਭਿਆਚਾਰ ਬਚਾਓ' ਦਾ! ਸੱਭਿਆਚਾਰ ਤੋਂ ਉਹਨਾਂ ਦਾ ਭਾਵ ਬੀਤੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਫੜੀ ਰੱਖਣਾ ਹੈ। ਕੁੱਝ ਇਸ ਤਰ੍ਹਾਂ ਜਿਵੇਂ ਕੋਈ ਇੰਜਣ ਨਿਕਲ ਜਾਣ 'ਤੇ ਉਸਦੇ ਧੂੰਏਂ ਨੂੰ ਇੰਜਣ ਨਾਲ਼ ਬਾਕਦਮ ਰੱਖਣ ਦਾ ਯਤਨ ਕਰੇ। ਇਤਿਹਾਸ ਬਣ ਚੁੱਕੇ ਸਮਾਜਾਂ ਦੇ ਸੱਭਿਆਚਾਰ ਨੂੰ ਬਚਾਉਣ ਦਾ ਰੌਲ਼ਾ ਵੀ ਬਹੁਤ ਕੁੱਝ ਅਜਿਹਾ ਹੀ ਹੈ। ਖ਼ੈਰ, ਅਸੀਂ ਇੱਕ ਦਮ ਲੇਖ ਦੇ ਸਿਰਲੇਖ ਨਾਲ਼ ਬਾਕਦਮ ਹੁੰਦੇ ਹਾਂ ਤੇ ਗੁਰਦਾਸ ਮਾਨ 'ਤੇ ਆਉਂਦੇ ਹਾਂ। ਅੱਜ ਗੁਰਦਾਸ ਮਾਨ ਕਿਸੇ ਤਾਰੁਫ਼ ਦੇ ਮੁਥਾਜ ਨਹੀਂ, ਪੰਜਾਬੀ ਸੰਗੀਤ ਜਗਤ ਵਿੱਚ ਜੋ ਮੁਕਾਮ ਉਹਨਾਂ ਹਾਸਲ ਕੀਤਾ ਹੈ ਉਹ ਕਿਸੇ ਵਿਰਲੇ ਟਾਂਵੇਂ ਨੂੰ ਹੀ ਨਸੀਬ ਹੁੰਦਾ ਹੈ। ਸਿਰਫ਼ ਨੌਜਵਾਨਾਂ ਜਾਂ ਆਮ ਲੋਕਾਂ ਵਿੱਚ ਹੀ ਨਹੀਂ ਸਗੋਂ ਸਾਹਿਤਕ ਹਲਕਿਆਂ ਵਿੱਚ ਵੀ ਉਹਨਾਂ ਨੂੰ ਚੰਗਾ ਇੱਜ਼ਤ-ਮਾਣ ਮਿਲਦਾ ਰਿਹਾ ਹੈ। ਚਾਲੂ ਉਪਭੋਗਤਾ-ਸੱਭਿਆਚਾਰ ਵਿੱਚ ਨਿੱਤ ਰੱਦੀ ਕਿਸਮ ਦੇ ਆਉਂਦੇ ਗੀਤਾਂ ਤੇ ਉਨ੍ਹਾਂ ਦੇ ਗਾਇਕਾਂ ਤੋਂ ਅਲੱਗ ਹਟ ਕੇ ਮਾਨ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਗੁਰਦਾਸ ਮਾਨ ਦੀ ਖਾਸੀਅਤ ਇਹ ਰਹੀ ਹੈ ਕਿ ਪੂੰਜੀਵਾਦੀ ਸਮਾਜ ਵਿਚਲੇ ਅਲਗਾਵ (ਏਲੀਨੇਸ਼ਨ) ਨੂੰ ਕੁੱਝ ਗੀਤਾਂ ਵਿੱਚ ਫੜਦੇ ਹਨ ਜਿਵੇਂ 'ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ', 'ਦੁਨੀਆ ਇਹ ਦੁਨੀਆ' ਆਦਿ। ਮਾਨ ਹੁਰਾਂ ਦੇ ਮੁਕਾਬਲੇ ਅਸੀਂ ਹੋਰ ਖੁੰਭਾਂ ਵਾਂਗੂ ਉੱਗੇ ਗਾਇਕਾਂ ਦੀ ਗੱਲ ਤਾਂ ਬਿਲਕੁਲ ਨਹੀਂ ਕਰ ਸਕਦੇ ਜੋ ਉਸੇ ਰਫ਼ਤਾਰ ਨਾਲ਼ ਗਾਇਬ ਹੁੰਦੇ ਹਨ ਜਿਸ ਨਾਲ਼ ਕਿ ਪੈਦਾ ਹੁੰਦੇ ਹਨ। ਥੋੜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਮਾਨ ਹੁਰਾਂ ਦੀ ਮਕਬੂਲੀਅਤ ਦਾ ਕਾਰਨ ਉਹਨਾਂ ਦੇ ਗੀਤ ਹਨ ਜੋ ਕਿ ਜ਼ਿਆਦਾਤਰ ਉਨ੍ਹਾਂ ਦੇ ਖ਼ੁਦ ਦੇ ਲਿਖੇ ਅਤੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਹੁੰਦੇ ਹਨ, ਮਨੁੱਖੀ ਰਿਸ਼ਤਿਆਂ ਅਤੇ ਭਾਵਨਾਵਾਂ ਨੂੰ ਪ੍ਰਗਟਾਉਂਦੇ ਹਨ। ਭਾਵੇਂ ਮਾਨ ਦੇ ਗਾਏ ਗੀਤ 'ਚੱਕਲੋ-ਚੱਕਲੋ', 'ਦਿਵਾਨੇ ਮੁੰਡੇ', 'ਭੰਗੜਾ ਪਾ ਲਈਏ' ਆਦਿ ਨੂੰ ਅਸੀਂ ਛੱਡ ਦਿੰਦੇ ਹਾਂ ਕੁੱਝ ਇਸ ਤਰ੍ਹਾਂ ਕਿ ''ਜੇ ਹੋਰ ਗਾਂਦੇ ਨੇ ਤੇ ਮੈਂ ਗਾ ਦਿੱਤੇ ਤਾਂ ਕੀ ਹੋ ਗਿਆ?'' ਵਾਲ਼ੇ ਵਿਚਾਰ ਮੁਤਾਬਕ। 
ਮਾਨ ਦੇ ਕਈ ਗੀਤਾਂ ਵਿੱਚ ਇੱਕ ਮੈਸੇਜ ਹੁੰਦਾ ਹੈ। ਉਹ ਹੈ 'ਆਪਣੀ ਮਿੱਟੀ' ਨਾਲ਼ ਜੁੜਣ ਦਾ ਭਾਵ ਖ਼ਤਮ ਹੋ ਰਹੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਮੁੜ-ਸੁਰਜੀਤ ਕਰਨ ਦਾ, ਉਹਨਾਂ ਨੂੰ ਬਚਾਉਣ ਦਾ। ਉਹਨਾਂ ਦੇ ਗੀਤਾਂ ਵਿੱਚ ਇਸ ਮੈਸੇਜ ਨਾਲ਼ ਅਸੀਂ ਇਤਫਾਕ ਨਹੀਂ ਰੱਖਦੇ ਅਤੇ ਇਸ ਲੇਖ ਵਿੱਚ ਉਹਨਾਂ ਦੀ ਅਲੋਚਨਾ ਦਾ ਮੁੱਖ ਮੁੱਦਾ ਵੀ ਏਹੋ ਹੈ। ਆਓ ਪਹਿਲਾਂ ਅਸੀਂ ਕੁੱਝ ਗੀਤਾਂ ਦੀ ਉਦਾਹਰਣ ਟਿੱਪਣੀਆਂ ਸਹਿਤ ਦੇਖਦੇ ਹਾਂ ਫਿਰ ਇਸ ਸਭ ਦੇ ਕਾਰਨਾਂ ਵਿੱਚ ਜਾਵਾਂਗੇ। ਜਿਵੇਂ 'ਆਪਣਾ ਪੰਜਾਬ ਹੋਵੇ' ਗੀਤ ਨੂੰ ਲੈਂਦੇ ਹਾਂ ਇਸ ਦੇ ਕੁੱਝ ਬੋਲ ਹਨ, ''ਸਰੋਂ ਦੇ ਸਾਗ ਵਿੱਚ ਘਿਓ ਹੀ ਘਿਓ ਪਾਈ ਜਾਵਾਂ, ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ... ਸੱਥ ਵਿੱਚ ਸ਼ੀਪ ਖੇਡਾਂ ਬਾਬਿਆਂ ਦੀ ਢਾਣੀ ਨਾਲ਼... ਤਾਰਿਆਂ ਦੀ ਰਾਤ ਵਿੱਚ ਚੰਦ ਮਾਮਾ ਹੱਸੀ ਜਾਵੇ ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲ਼ੀ ਘੁੱਟੀ ਜਾਵੇ...''। ਹੁਣ ਖੇਤੀ ਦਾ ਕੰਮ ਜ਼ੋਰ ਦਾ ਕੰਮ ਗਿਣਿਆ ਜਾਂਦਾ ਹੈ ਜਿਸ ਕਰਕੇ 'ਰੱਜ ਕੇ ਖਾਓ ਤੇ ਦੱਬ ਕੇ ਵਾਹੋ' ਦੀ ਕਹਾਵਤ ਵੀ ਮਸ਼ਹੂਰ ਹੈ। ਪਰ ਅੱਜ ਦੁਨੀਆਂ ਬਦਲ ਗਈ ਹੈ। ਹੁਣ ਖੇਤੀ ਛੱਡ ਹੋਰ ਬਹੁਤ ਸਾਰੇ ਕਿੱਤਿਆਂ 'ਤੇ ਨਿਰਭਰਤਾ ਵਧੀ ਹੈ ਅਤੇ ਉਸ ਨਾਲ਼ ਹੀ ਖੁਰਾਕਾਂ ਵੀ ਬਦਲੀਆਂ ਹਨ। ਚੂੜੇ ਵਾਲ਼ੀਆਂ ਤੋਂ ਲੱਤਾਂ ਘੁਟਵਾਉਂਣੀਆਂ ਕਿੰਨੀ ਕੁ ਚੰਗੀ ਗੱਲ ਹੈ ਇਸ ਬਾਰੇ ਤਾਂ ਕੀ ਕਹਿਣਾ? ਵੈਸੇ ਵੀ ਜਿਸ ਜਗੀਰੂ ਸਮਾਜ ਨੂੰ ਯਾਦ ਕਰਕੇ ਮਾਨ ਜੀ ਵਿਰਲਾਪ ਕਰ ਰਹੇ ਨੇ ਉੱਥੇ ਔਰਤਾਂ ਦੀ ਹਾਲਤ ਅਜਿਹੀ ਹੀ ਹੁੰਦੀ ਸੀ। ਸੱਥ ਵਿਚਲੇ ਬਾਬਿਆਂ ਦੇ ਜਿਹੜੇ ਗੁਣ-ਗਾਣ ਮਾਨ ਸਾਹਿਬ ਨੇ ਬੀਤੇ ਸਮਿਆਂ ਦੇ ਦੁਰਗਾਂ ਦੇ ਰੂਪ ਵਿੱਚ ਕੀਤੇ ਹਨ ਇਨ੍ਹਾਂ ਬਾਰੇ ਸ਼ਹਿਰੀ ਪਾਠਕਾਂ ਨੂੰ ਇਨ੍ਹਾਂ ਹੀ ਦੱਸਣਾ ਤੇ ਪੇਂਡੂ ਪਾਠਕਾਂ ਨੂੰ ਯਾਦ ਕਰਵਾਉਣਾ ਜਾਇਜ਼ ਹੋਵੇਗਾ ਕਿ ਪਿੰਡਾਂ ਵਿੱਚ ਇਹ ਸੱਥਾਂ ਦੇ ਬਾਬੇ ਅਕਸਰ ਐਕਸ-ਰੇ ਮਸ਼ੀਨਾਂ ਦੇ ਰੂਪ ਵਿੱਚ ਮਸ਼ਹੂਰ ਹੁੰਦੇ ਹਨ। ਇਹ ਸੱਥਾਂ ਦੇ ਬਾਬੇ ਅਤੇ ਇਨ੍ਹਾਂ ਸੱਥਾਂ ਵਿੱਚ ਚਲਦੀਆਂ ਨੱਬੇ ਫੀਸਦੀ ਗੱਲਾਂ ਪੇਂਡੂ ਵਹਿਲੜਪੁਣੇ, ਜਗੀਰੂ ਗੈਰ-ਜਮਹੂਰੀ ਕਦਰਾਂ ਕੀਮਤਾਂ ਅਤੇ ਖੂਹ ਦੇ ਡੱਡੂਪੁਣੇ ਦੀ ਚੰਗੀ ਤਗੜੀ ਮਿਸਾਲ ਹੁੰਦੇ ਹਨ। ਕੁੱਝ ਕਲਾਤਮਕ ਰਚਨਾਵਾਂ ਜੋ ਤੱਤ ਰੂਪ ਵਿੱਚ ਇੱਕਦਮ ਪਿਛਾਖੜੀ ਹੁੰਦੀਆਂ ਹਨ, ਹੋ ਸਕਦਾ ਹੈ ਕਿ ਕੁੱਝ ਕਲਾਤਮਕ ਗੁਣ ਵੀ ਰੱਖਦੀਆਂ ਹੋਣ। ਇਥੇ ਇੱਕ ਗੱਲ ਇਹ ਧਿਆਨ ਦੇਣ ਯੋਗ ਹੈ ਕਿ ਜਿਨ੍ਹਾਂ ਰਚਨਾਵਾਂ ਦਾ ਤੱਤ ਜਿੰਨਾ ਜ਼ਿਆਦਾ ਪਿਛਾਖੜੀ ਹੋਵੇਗਾ ਤੇ ਕਲਾਤਮਕ ਗੁਣਵੱਤਾ ਜਿੰਨੀ ਜ਼ਿਆਦਾ ਉੱਚੀ ਹੋਵੇਗੀ, ਲੋਕਾਂ ਲਈ ਉਹ ਓਨੀਆਂ ਹੀ ਵੱਧ ਜ਼ਹਿਰੀਲੀਆਂ ਹੋਣਗੀਆਂ ਅਤੇ ਓਨਾ ਹੀ ਵੱਧ ਜ਼ਰੂਰੀ ਹੋ ਜਾਂਦਾ ਹੈ ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਰਚਨਾਵਾਂ ਅਤੇ ਵਿਚਾਰਾਂ ਨੂੰ ਰੱਦ ਕਰਨਾ।
'ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲ਼ੀਆਂ ਦੀ' ਗੀਤ ਵੀ ਚੰਗਾ ਖ਼ਾਸਾ ਬੀਤੇ ਦਾ ਹੇਰਵਾ ਆਪਣੇ ਵਿੱਚ ਸਮੋਈ ਬੈਠਾ ਹੈ। ਇਸ ਦੇ ਕੁੱਝ ਬੋਲ ਹਨ ''ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ.... ਹੋਕਾ ਦਿੰਦੀ ਫਿਰਦੀ ਬੀਬੀ ਥਲ਼ੀਆਂ ਦੀ, ਸਸਤੀ ਲੈ ਲੋ ਦਰਜਨ ਕੇਲੇ ਫਲ਼ੀਆਂ ਦੀ... ਦੋ ਮÎੰਝਿਆਂ ਨੂੰ ਜੋੜ ਸਪੀਕਰ ਵੱਜਣੇ ਨਈ, ਜਿਹੜੇ ਵਾਜੇ ਵੱਜ ਗਏ ਮੁੜਕੇ ਵੱਜਣੇ ਨਈ, ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ...ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲ਼ੀਆਂ ਦੀ''। ਇਸ ਦੇ ਨਾਲ਼ ਹੀ ਇੱਕ ਹੋਰ ਗੀਤ 'ਮੇਲਣ ਬਣਕੇ ਵੇਖ ਮੇਲਣੇ ਮੇਲਾ ਯਾਰਾਂ' ਦੇ ਬੋਲ ਵੀ ਲੈਂਦੇ ਹਾਂ ''ਰੱਬ ਨੇ ਦਿੱਤੀਆਂ ਅੱਖਾਂ ਮੇਲਾ ਅੱਖ ਮਟੱਕੇ ਦਾ... ਬਲਦ ਸ਼ਿੰਗਾਰੀ ਮੇਲਾ ਕੰਮੀ ਕਾਰਾਂ ਦਾ..'' ਇਹਨਾਂ ਦੋਹਾਂ ਹੀ ਗੀਤ ਵਿੱਚ ਪਿੰਡਾਂ ਦਾ ਜੋ ਰੂਪ ਚਿੱਤਰਿਆ ਗਿਆ ਹੈ ਤੇ ਉਸ ਨੂੰ ਯਾਦ ਕਰਕੇ ਰੋਇਆ ਗਿਆ ਤੇ ਉਸ ਨੂੰ ਉੱਚਿਆਇਆ ਗਿਆ ਹੈ, ਉਹ ਚਿੱਤਰ ਅÎੱਜ ਤੋਂ ਕੁੱਝ ਦਹਾਕੇ ਪਹਿਲਾਂ ਭਾਰਤ ਵਿੱਚ ਦੇਖਣ ਨੂੰ ਮਿਲਦਾ ਸੀ ਜਦ ਵਪਾਰ ਦੇ ਸਾਧਨ ਇਤਨੇ ਵਿਕਸਿਤ ਨਹੀਂ ਸਨ, ਆਵਾਜਾਈ ਦੇ ਸਾਧਨ ਅਤੇ ਤਕਨੀਕ ਵਿਕਸਿਤ ਨਹੀਂ ਸੀ, ਮੁਦਰਾ ਦਾ ਪ੍ਰਚਲਣ ਬਹੁਤ ਹੀ ਸੀਮਤ ਸੀ ਜਿਸ ਕਰਕੇ ਵਸਤਾਂ ਦੀ ਅਦਲਾ ਬਦਲੀ ਕਰਨੀ ਔਖੀ ਸੀ। ਬੀਬੀਆਂ ਟੋਕਰੀਆਂ ਵਿੱਚ ਆਪਣੀਆਂ ਵਸਤਾਂ ਪਾ ਕੇ (ਸਬਜ਼ੀਆਂ, ਫਲ਼, ਖਿਡੌਣੇ ਆਦਿ) ਦੂਸਰੇ ਪਿੰਡਾਂ ਨੂੰ ਵੇਚਣ ਜਾਂਦੀਆਂ ਸਨ ਤੇ ਜ਼ਿਆਦਾਤਰ ਵਸਤੂ ਵਟਾਂਦਰਾ ਕਰਦੇ ਸਨ, ਮੇਲੇ ਲੱਗਦੇ ਸਨ ਤੇ ਲੋਕ ਦੂਰੋਂ-ਦੂਰੋਂ ਆਪਣੀਆਂ-ਆਪਣੀਆਂ ਵਸਤਾਂ ਦਾ ਵਟਾਂਦਰਾ ਕਰਨ ਲਈ ਮੇਲਿਆਂ ਵਿੱਚ ਪੁੱਜਦੇ ਸਨ। ਪਰ ਜਿਵੇਂ-ਜਿਵੇਂ ਪੂੰਜੀਵਾਦ ਦਾ ਵਿਕਾਸ ਭਾਰਤ ਵਿੱਚ ਹੋਇਆ ਇਸਨੇ ਲੋਕਾਂ ਨੂੰ ਮੰਡੀ ਦਿੱਤੀ ਤੇ ਮੁਦਰਾ ਦਾ ਪ੍ਰਚਲਣ ਵਧਾਇਆ ਤੇ ਇਸ ਤਰ੍ਹਾਂ ਮੇਲਿਆਂ ਦਾ ਅਧਾਰ ਖਿਸਕਦਾ ਗਿਆ ਤੇ ਅੱਜ ਵੀ ਜੋ ਥੋੜੇ ਬਹੁਤ ਮੇਲੇ ਬਚੇ ਹੋਏ ਨੇ ਉਹ ਵੀ ਆਪਣਾ ਤੱਤ ਬਦਲ ਚੁੱਕੇ ਹਨ ਤੇ ਪੂੰਜੀ ਦੇ ਯੁੱਗ ਦੀਆਂ ਆਧੁਨਿਕ ਮÎੰਡੀਆਂ ਦੇ ਰੂਪ ਵਿੱਚ ਕੰਮ ਕਰਦੇ ਹਨ। ਜਿੱਥੇ ਸਭ ਕੁੱਝ ਮੁਦਰਾ ਨਾਲ਼ ਵਟਾਇਆ ਜਾਂਦਾ ਹੈ। ਰਹੀ ਗੱਲ ਮੇਲਾ 'ਅੱਖ ਮਟੱਕੇ ਦਾ' ਤਾਂ ਜਗੀਰੂ ਸਮਾਜ ਬੰਦ ਸਮਾਜ ਸਨ। ਪ੍ਰੇਮ ਇੱਕ ਗੁਨਾਹ ਮੰਨਿਆ ਜਾਂਦਾ ਸੀ ਔਰਤਾਂ 'ਤੇ ਖਾਸ ਤੌਰ 'ਤੇ ਪਾਬੰਦੀਆਂ ਸਨ ਅਤੇ ਭਾਰਤ ਵਿੱਚ ਤਾਂ ਖਾਸ ਕਰਕੇ ਦਾਜ ਪ੍ਰਥਾ, ਸਤੀ ਪ੍ਰਥਾ ਵਰਗੀਆਂ ਜੋਕਾਂ ਔਰਤਾਂ ਨੂੰ ਲੱਗੀਆਂ ਹੋਈਆਂ ਸਨ। ਉਨ੍ਹਾਂ ਨੂੰ ਪੜ੍ਹਨ ਲਈ ਘਰੋਂ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ, ਜਿਸ ਕਰਕੇ ਸਮਾਜ ਨਾਲ਼ ਉਨ੍ਹਾਂ ਦਾ ਮੇਲ-ਜੋਲ ਬਹੁਤ ਘੱਟ ਸੀ। ਮੇਲਿਆਂ ਵਿੱਚ ਉਨ੍ਹਾਂ ਨੂੰ ਸਮਾਜ ਅਤੇ ਘਰ ਦੀਆਂ ਬੰਦ ਬਰੂਹਾਂ 'ਚੋਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਸੀ ਤਾਂ ਉੱਥੇ ਪ੍ਰੇਮ ਵੀ ਫੁੱਟਦਾ ਸੀ। ਅੱਜ ਪੂੰਜੀ ਦੀ ਸਸਤੀ ਕਿਰਤ ਸ਼ਕਤੀ ਲਈ ਖੋਜ ਨੇ ਉਨ੍ਹਾਂ ਨੂੰ ਘਰਾਂ ਦੇ ਘੇਰੇ ਵਿੱਚੋਂ ਕਾਫੀ ਹੱਦ ਤੱਕ ਬਾਹਰ ਕੱਢਿਆ ਹੈ, ਔਰਤਾਂ ਦਫਤਰਾਂ, ਫੈਕਟਰੀਆਂ, ਦੁਕਾਨਾਂ ਆਦਿ 'ਤੇ ਕੰਮ ਕਰਨ ਲੱਗੀਆਂ ਹਨ ਸਮਾਜ ਨਾਲ਼ ਉਨ੍ਹਾਂ ਦਾ ਮੇਲ-ਜੋਲ ਵਧਿਆ ਹੈ ਜਿਸ ਕਰਕੇ ਪ੍ਰੇਮ ਨੂੰ ਮੇਲਿਆਂ ਦਾ ਬੰਧੇਜ ਨਹੀਂ ਰਿਹਾ। ਪਰ ਫਿਰ ਵੀ ਮੇਲਿਆਂ ਪ੍ਰਤੀ ਇੱਕ ਹੇਰਵਾ ਪਿੰਡਾਂ ਦੇ ਕੁੱਝ ਹਲਕਿਆਂ ਵਿੱਚ ਅੱਜ ਵੀ ਪਾਇਆ ਜਾਂਦਾ ਹੈ। ਇੱਕ ਗੀਤ 'ਸਾਡੇ ਪਿਆਰੇ ਬਾਪੂ ਜੀ' ਹੈ ਜੋ ਹੁਣ ਦੇ ਸਮਾਜ ਦੀਆਂ ਕੁੱਝ ਅਲਾਮਤਾਂ ਨੂੰ ਨਿੰਦਦਾ ਹੋਇਆ ਪੂਰੇ ਸਮਾਜ ਨੂੰ ਹੀ ਨਿੰਦਣ 'ਤੇ ਆ ਬਹਿੰਦਾ ਹੈ। ਪੂਰਾ ਗੀਤ ਬਜ਼ੁਰਗ ਬਾਪੂ ਨੂੰ ਮਜ਼ਾਕ ਵਿੱਚ ਚੱਲਦਾ ਹੈ ਤੇ ਅਸਲ ਮਜ਼ਾਕ ਅੱਜ ਦੇ ਸਮਾਜ ਦਾ ਉਡਾਇਆ ਜਾਂਦਾ ਹੈ। ਗੀਤ ਦੇ ਬੋਲ ਹਨ ''ਬਾਪੂ ਤੁਹਾਡੇ ਪਿਆਰ ਦਾ ਤਰਾਨਾ ਹੋਰ ਸੀ, ਤੁਸੀਂ ਜਿਹੜਾ ਵੇਖਿਆ ਜ਼ਮਾਨਾ ਹੋਰ ਸੀ। ਹੁਣ ਫੈਸ਼ਨਾਂ ਦਾ ਜਾਮਾ, ਗਿਆ ਕੁੜਤਾ ਪਜਾਮਾ, ਗਲ਼ ਪਈਆਂ ਕਾਰਾਂ, ਗਈਆਂ ਬੈਲ ਗੱਡੀਆਂ.... ਬਾਪੂ ਤੁਹਾਡਾ ਪਿਆਰ ਬੜਾ ਪਾਕ ਹੁੰਦਾ ਸੀ, ਲੱਖਾਂ ਵਿੱਚੋਂ ਇੱਕ ਦਾ ਤਲਾਕ ਹੁੰਦਾ ਸੀ, ਉਲਟੀ ਚਲ ਪਈ ਏ ਗੰਗਾ...। '' ਹੁਣ ਫੈਸ਼ਨ ਤਾਂ ਬਦਲਦੇ ਹੀ ਰਹਿੰਦੇ ਹਨ ਤੇ ਮਾਨ ਸਾਹਿਬ ਪਤਾ ਨਹੀਂ ਕਿਹੜੀ ਤਰਾਂ ਦੇ ਡਰੈਸ ਕੋਡ ਨਾਲ਼ ਸਹਿਮਤ ਹਨ ਕੁੜਤਾ ਪਜਾਮਾ ਕਦੇ ਵੀ ਪੰਜਾਬ ਦੀ ਮੁਢਲੀ ਡਰੈਸ ਨਹੀਂ ਰਹੀ। ਮਾਨ ਸਾਹਿਬ ਪਿੱਛੇ ਜਾਣ ਲੱਗਿਆਂ ਵੀ ਮੱਧ-ਯੁੱਗ 'ਤੇ ਪਹੁੰਚ ਕੇ ਬਰੇਕਾਂ ਲਾ ਲੈਂਦੇ ਹਨ ਜੇਕਰ ਅਸਲ ਵਿੱਚ ਉਹ ''ਪੁਰਾਣਾ ਵਿਰਸਾ'' ਬਹਾਲ ਕਰਨਾ ਚਾਹੁੰਦੇ ਹਨ ਤਾਂ ਅੱਜ ਤੋਂ ਕੁੱਝ ਹਜ਼ਾਰ ਸਾਲ ਪਹਿਲਾਂ ਇਨਸਾਨ ਨੰਗਾ ਘੁੰਮਦਾ ਸੀ! ਮਨੁੱਖ ਦੇ ਕਪੜੇ ਉਸ ਦੇ ਕੰਮਾਂ ਅਨੁਸਾਰ ਬਦਲਦੇ ਰਹੇ ਨੇ ਤੇ ਅਗਾਂਹ ਵੀ ਬਦਲਦੇ ਰਹਿਣਗੇ। ਰਹੀ ਗੱਲ ਤਲਾਕ ਦੀ, ਜਗੀਰੂ ਅਤੇ ਪੂੰਜੀਵਾਦੀ ਦੋਵਾਂ ਹੀ ਸਮਾਜਾਂ ਵਿੱਚ ਵਿਆਹ ਇੱਕ ਸੌਦਾ ਹੈ ਫਰਕ ਇਹ ਹੈ ਕਿ ਜਗੀਰਦਾਰੀ ਸਮੇਂ ਇਹ ਸੌਦਾ ਲੜਕੇ-ਲੜਕੀ ਦੀ ਮਰਜ਼ੀ ਦੇ ਬਿਨਾਂ ਹੁੰਦਾ ਸੀ ਤੇ ਉਹ ਚਾਹ ਕੇ ਵੀ ਆਪਣਾ ਵਿਆਹ ਤੋੜ ਨਹੀਂ ਸਕਦੇ ਸਨ ਅਤੇ ਹੁਣ ਇਹ ਲੜਕੇ-ਲੜਕੀ ਦੀ ਸਹਿਮਤੀ ਨਾਲ਼ ਹੁੰਦਾ ਹੈ। ਅਜਿਹੇ ਸੌਦੇ ਅਗਰ ਟੁੱਟਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ। ਵੈਸੇ ਤਲਾਕਾਂ ਬਾਰੇ 'ਲਲਕਾਰ' ਦੇ ਤੀਸਰੇ ਅੰਕ ਵਿੱਚ ਕਾਫ਼ੀ ਵਧੀਆ ਲੇਖ ਛਪਿਆ ਸੀ ਜੋ ਕਿ ਹੁਣ 'ਲਲਕਾਰ' ਦੇ ਬਲੌਗ 'ਤੇ ਵੀ ਉਪਲੱਬਧ ਹੈ। ਜਿਗਿਆਸੂ ਪਾਠਕ ਉਸਨੂੰ ਪੜ ਸਕਦੇ ਹਨ ਤਲਾਕਾਂ ਬਾਰੇ ਇਸ ਲੇਖ ਵਿੱਚ ਜ਼ਿਆਦਾ ਗੱਲ ਕਰਨਾ ਸਿਰਫ਼ ਉਸੇ ਦਾ ਦੁਹਰਾਅ ਹੋਵੇਗਾ।
'ਕੀ ਬਣੂ ਦੁਨੀਆਂ ਦਾ', 'ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ', 'ਕਿਥੇ ਗਈਆਂ ਖੇਡਾਂ ਕਿਕਲੀ-ਕਲੀਰ ਦੀਆਂ' ਵਿੱਚ ਤਾਂ ਗਾਇਕ ਬੀਤੇ ਦੀ ਮੁੜ-ਬਹਾਲੀ ਲਈ ਰੁਦਨ ਦੇ ਸਿਖਰ 'ਤੇ ਚੜ੍ਹ ਜਾਂਦਾ ਹੈ। ਕੀ ਅੱਜ ਘੱਗਰੇ ਪਾ ਕੇ ਇਸ ਆਧੁਨਿਕ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵਿਚਰਿਆ ਜਾ ਸਕਦਾ ਹੈ? ਇਹ ਵਰਤਮਾਨ ਤੇ ਭਵਿੱਖ ਨੂੰ ਇਤਿਹਾਸ ਨਾਲ਼ ਸਿੰਜਣਾ ਨਹੀਂ ਲਬੇੜਨਾ ਹੈ। ਅਸੀਂ ਆਪਣੇ ਇਤਿਹਾਸ ਨੂੰ ਦਫ਼ਨ ਕਰਨ ਦੇ ਹਾਮੀ ਨਹੀਂ ਸਗੋਂ ਇਸ ਗੱਲ 'ਤੇ ਜ਼ੋਰ ਜ਼ਰੂਰ ਦਿੰਦੇ ਹਾਂ ਉਸ ਇਤਿਹਾਸ ਵਿੱਚੋਂ ਸਿÎੱਖਿਆ ਕਿਸ ਚੀਜ਼ ਤੋਂ ਜਾਵੇ। ਇਤਿਹਾਸ-ਵਿਰੋਧੀ ਨਜ਼ਰੀਆ ਵੀ ਸਾਡਾ ਨਹੀਂ, ਸਾਡਾ ਕਹਿਣਾ ਤਾਂ ਸਿਰਫ਼ ਇਤਨਾ ਹੈ ਕਿ ਇਤਿਹਾਸ ਤੋਂ ਸਿੱਖ ਕੇ ਵਰਤਮਾਨ ਨੂੰ ਬਦਲਣਾ ਹੈ ਤੇ ਭਵਿੱਖ ਵੱਲ ਵੇਖਣਾ ਹੈ ਨਾ ਕਿ ਬੀਤੇ ਦਾ ਪਿਛਵਾੜਾ ਨਿਹਾਰਨਾ।
ਫਿਰ ਵੀ ਸੋਚਣ ਦੀ ਗੱਲ ਆਉਂਦੀ ਹੈ ਕਿ ਇਸ ਹੇਰਵੇ ਦਾ ਅਧਾਰ ਕੀ ਹੈ? ਕੀ ਕਾਰਨ ਹੈ ਕਿ ਹੇਰਵਾ ਵੀ ਸਮਾਜ ਵਿੱਚ ਵਿਚਰਦਾ ਹੈ? ਇਸ ਦਾ ਮੁੱਖ ਕਾਰਨ ਤਾਂ ਬੀਤੇ ਦੀਆਂ ਬਚੀਆਂ ਹੋਈਆਂ ਜਗੀਰੂ ਕਦਰਾਂ-ਕੀਮਤਾਂ ਦਾ ਲੋਕ ਮਨਾਂ ਵਿੱਚ ਵਸੇ ਹੋਣਾ ਤੇ ਨਵੀਆਂ ਬਦਲਵੀਆਂ ਕਦਰਾਂ-ਕੀਮਤਾਂ ਤੇ ਸੱਭਿਆਚਾਰ ਦੀ ਅਣਹੋਂਦ ਦਾ ਹੋਣਾ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਇਸਦਾ ਇੱਕ ਕਾਰਨ ਇੱਥੋਂ ਦਾ ਲੂਲਾ ਲੰਗੜਾ ਪੂੰਜੀਵਾਦੀ ਵਿਕਾਸ ਵੀ ਹੈ। ਇਥੋਂ ਦਾ ਪੂੰਜੀਵਾਦ ਕਿਸੇ ਜਮਹੂਰੀ ਇਨਕਲਾਬ ਨਾਲ਼ ਆਉਣ ਦੀ ਬਜਾਏ ਧੱਕੇ ਖਾਂਦਾ ਅੱਗੇ ਵਧਦਾ ਹੋਇਆ ਸਥਾਪਤ ਹੋਇਆ ਹੈ। ਇਹ ਬਚਪਨ ਤੋਂ ਸਿੱਧਾ ਬੁਢਾਪੇ ਵਿੱਚ ਆ ਡਿੱਗਾ ਹੈ। ਇਸਨੇ ਲੋਕਾਂ ਦੇ ਦਿਮਾਗਾਂ ਨੂੰ ਜਮਹੂਰੀ ਵਿਚਾਰਾਂ ਨਾਲ਼ ਰੁਸ਼ਨਾਉਣ ਦੀ ਬਜਾਏ ਉਨ੍ਹਾਂ ਦਾ ਸਮੰਤੀ ਜ਼ੰਗ ਕਾਇਮ ਰੱਖਿਆ ਹੈ। ਇੱਕ ਹੋਰ ਅਧਾਰ ਵੀ ਹੈ ਬੀਤੇ ਨੂੰ ਰੋਣ ਦਾ। ਪਿਛਲੇ ਤਿੰਨ ਕੁ ਦਹਾਕਿਆਂ ਵਿਚ ਭਾਰਤ ਨੇ ਤੇਜ ਰਫ਼ਤਾਰ ਪੂੰਜੀਵਾਦੀ ਵਿਕਾਸ ਵੇਖਿਆ ਹੈ। ਜਿਸ ਕਰਕੇ ਖੇਤੀ 'ਚੋਂ ਵੱਡੇ ਪੱਧਰ 'ਤੇ ਵਾਧੂ ਕਿਰਤ ਸ਼ਕਤੀ ਸ਼ਹਿਰ ਵੱਲ ਨੂੰ ਜਾਂ ਵਿਦੇਸ਼ਾਂ ਵੱਲ ਹਿਜਰਤ ਕਰ ਗਈ। ਹੁਣ ਪਿੰਡਾਂ ਤੇ ਸ਼ਹਿਰਾਂ ਦਰਮਿਆਨ ਵੀ ਇੱਕ ਵਿਰੋਧਤਾਈ ਕਾਇਮ ਰਹਿੰਦੀ ਹੈ। ਪੇਂਡੂ ਜੀਵਨ ਵਿੱਚ ਰਚਿਆ-ਵਸਿਆ ਇੱਕ ਵਿਅਕਤੀ ਰੁਜ਼ਗਾਰ ਲਈ ਜਦ ਸ਼ਹਿਰ ਪਹੁੰਚਦਾ ਹੈ ਤਾਂ ਸ਼ਹਿਰੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਕੁੱਝ ਤਾਂ ਆਪਣੀ ਥਾਂ ਬਣਾ ਲੈਂਦੇ ਹਨ ਤੇ ਕੁੱਝ ਜਲਦੀ ਕਿਤੇ ਫਿਟ ਨਹੀਂ ਹੋ ਪਾਂਦੇ। ਪਿੰਡ ਦੀ ਜੂੰ ਤੋਰ ਜ਼ਿੰਦਗੀ, ਸਿੱਧੜਪੁਣੇ ਤੇ ਖੂਹ ਦੇ ਡੱਡੂਪੁਣੇ ਕਰਕੇ ਉਹ ਸ਼ਹਿਰ ਵਿੱਚ ਹਾਸੇ ਦਾ ਪਾਤਰ ਵੀ ਰਹਿੰਦਾ ਹੈ। ਉਸਦੀ ਔਲਾਦ ਜੋ ਸ਼ਹਿਰ ਵਿੱਚ ਹੀ ਪੈਦਾ ਹੋਈ, ਪਲ਼ੀ ਅਤੇ ਵੱਡੀ ਹੋਈ ਹੈ ਉਸਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਸੱਟ ਮਾਰਦੀ ਹੈ ''ਬਾਪੂ ਤੁਹਾਡਾ ਜ਼ਮਾਨਾ ਗਿਆ'' ਉਸਨੂੰ ਅਕਸਰ ਸੁਣਨ ਨੂੰ ਮਿਲਦਾ ਹੈ। ਹੁਣ ਜੋ ਵਿਦੇਸ਼ਾਂ ਵਿੱਚ ਗਏ ਨੇ ਉਨ੍ਹਾਂ ਦਾ ਹਾਲ ਤਾਂ ਸ਼ਹਿਰ ਗਿਆਂ ਤੋਂ ਵੀ ਬੁਰਾ ਹੁੰਦਾ ਹੈ ਵਿਦੇਸ਼ੀ ਵਾਤਾਵਰਣ ਵਿੱਚ ਪਲ਼ੇ ਧੀ-ਪੁੱਤ ਬੇਬੇ-ਬਾਪੂ ਨੂੰ ਕੁੱਤੇ ਵਾਲ਼ੀ ਵੀ ਨਹੀਂ ਪੁੱਛਦੇ। ਫਿਰ ਇਸ ਸਭ ਵਿੱਚ ਉਨ੍ਹਾਂ ਨੂੰ ਬੀਤੇ ਹੋਏ 'ਭਲ਼ੇ ਵੇਲ਼ੇ' ਯਾਦ ਆਉਂਦੇ ਹਨ। ਬੀਤੇ ਦੇ ਹੇਰਵੇ ਦਾ ਸਭ ਤੋਂ ਵੱਡਾ ਅਧਾਰ ਇਹੀ ਲੋਕ ਹਨ। ਫਿਰ ਇਨ੍ਹਾਂ ਦੇ ਕਿਰਦੇ ਹੰਝੂ ਦੇਖ ਕੁੱਝ ਬੁੱਧੀਜੀਵੀ ਵੀ ਇਸ ਅਧਾਰ ਨੂੰ ਫਲਸਫੇ ਦਾ ਮੋਢਾ ਦੇਣ ਪਹੁੰਚ ਜਾਂਦੇ ਹਨ ਤੇ ਹੇਰਵੇ ਦੀ ਮਾਰਕਿਟ ਉਠਦੀ ਹੈ। ਇਸ ਤਰ੍ਹਾਂ ਬੀਤੇ ਦੇ ਹੇਰਵੇ ਦੀ ਮਾਰਕਿਟ ਹੋਂਦ ਵਿੱਚ ਆਉਂਦੀ ਹੈ। ਹੁਣ ਇਸ ਮਾਰਕਿਟ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ ਦਾ ਵਣਜ ਹੁੰਦਾ ਹੈ ਜਿਵੇਂ ਲੇਡੀਜ਼ ਕਲੱਬਾਂ ਵਿੱਚ ਤੀਆਂ ਦਾ ਤਿਓਹਾਰ, ਸਕੂਲਾਂ-ਕਾਲਜਾਂ ਵਿਚਲੇ ਫੰਕਸ਼ਨਾਂ ਵਿੱਚ ਉਡਦੀਆਂ ਫੁਲਕਾਰੀਆਂ, ਕੁੜਤੇ-ਚਾਦਰੇ, ਸੱਗੀ ਫੁੱਲ ਆਦਿ। ਇਸੇ ਤਰ੍ਹਾਂ ਗੀਤ-ਸੰਗੀਤ ਦੇ ਖੇਤਰ ਵਿੱਚ ਅਜਿਹੇ ਗੀਤਾਂ ਦੀ ਲੋੜ ਪੈਂਦੀ ਹੈ ਜੋ ਉਸ ਬੀਤ ਚੁੱਕੇ ਨੂੰ ਸਹੀ ਠਹਿਰਾਉਂਦੇ ਹੋਣ, ਉਸਦਾ ਗੁਣ-ਗਾਣ ਕਰਦੇ ਹੋਣ। ਇਨ੍ਹਾਂ ਦੀ ਹੀ ਮਾਨਸਿਕ ਸੰਤੁਸ਼ਟੀ ਦੀ ਇਹ ਮਾਰਕਿਟ ਹੈ ਜਿਸ ਨੂੰ ਗੁਰਦਾਸ ਮਾਨ ਕੈਸ਼ ਕਰਦੇ ਹਨ ਤੇ ਕੈਸ਼ ਵੀ ਕੈਸਾ! ਪੰਜਾਬ ਦੇ ਐੱਨ. ਆਰ. ਆਈਜ਼. ਦੀ ਮਾਰਕਿਟ ਤਾਂ ਕਰੋੜਾਂ ਦੀ ਹੈ। 
ਪਿਛਾਖੜ ਹਰੇਕ ਤਰ੍ਹਾਂ ਦੇ ਨਵੇਂਪਣ ਨੂੰ ਨਾਕਰਦਾ ਹੈ ਜਿਵੇਂ ਕਿ ਪ੍ਰਵਾਸ। ਅਗਰ ਮਨੁੱਖੀ ਇਤਿਹਾਸ ਵਿੱਚ ਪ੍ਰਵਾਸ ਨਾ ਹੁੰਦਾ ਤਾਂ ਆਧੁਨਿਕ ਮਨੁੱਖ ਬਹੁਤ ਸਾਰੀਆਂ ਕਲਾਵਾਂ ਤੋਂ ਵਿਹੂਣਾ ਰਹਿ ਜਾਂਦਾ। ਇÎੱਕ ਖੂਹ ਦਾ ਡੱਡੂ ਬਣ ਜਾਂਦਾ, ਡਾਰਵਿਨ ਸਾਰੀ ਉਮਰ ਜੰਗਲਾਂ ਵਿੱਚ ਨਾ ਘੁੰਮਦਾ ਰਹਿੰਦਾ ਤਾਂ ਵਿਗਿਆਨੀ 'ਜੀਵਾਂ ਦੀ ਉਤਪਤੀ' ਅਤੇ 'ਮਨੁੱਖ ਦੀ ਉਤਪਤੀ' ਨਾਲ਼ ਅੱਜ ਵੀ ਸਿਰ ਖਪਾਉਂਦੇ ਫਿਰਦੇ। ਵਾਸਕੋ ਡਿ ਗਾਮਾ ਤੇ ਕੋਲੰਬਸ ਦੀਆਂ ਮਹਾਨ ਦੇਣਾਂ ਨੂੰ ਸੰਸਾਰ ਕਦੇ ਨਹੀਂ ਭੁੱਲੇਗਾ। ਪਰ ਮਾਨ ਹੁਰੀਂ ਇਸ 'ਤੇ ਲਿਖਦੇ ਹਨ, 'ਕਿਸੇ ਮਾਂ ਦੀ ਮੰਨ ਲਵੋ ਅÎੱਜਕੱਲ ਮੁਸ਼ਕਿਲ ਲੱਗਦੇ ਵੀਜ਼ੇ'। ਜ਼ਮੀਨ ਨਾਲ਼ ਲੋਕਾਂ ਨੂੰ ਨੂੜੀ ਰੱਖਣਾ ਇਤਿਹਾਸ ਵਿਰੋਧੀ ਨਜ਼ਰੀਆ ਹੈ, ਉਨ੍ਹਾਂ ਦੇ ਦਿਮਾਗਾਂ ਨੂੰ ਖੋਲਾਂ ਵਿੱਚ ਬੰਦ ਕਰਨ ਦੀ ਚਾਲ ਹੈ।
ਇੱਕ ਹੋਰ ਗੱਲ ਵੀ ਜੋ ਕਿ ਨੈਤਿਕ ਪੱਧਰ 'ਤੇ ਵੀ ਸੱਭਿਆਚਾਰ ਦੇ ਇਨ੍ਹਾਂ ਰਾਖਿਆਂ ਤੋਂ ਪੁੱਛਣੀ ਬਣਦੀ ਹੈ ਉਹ ਇਹ ਕਿ ਜੇ ਤੁਸੀਂ ਇਨ੍ਹੇ ਹੀ ਉਸ ਬੀਤ ਚੁੱਕੇ ਲਈ ਝੂਰ ਰਹੇ ਹੋ ਤਾਂ ਕਿਉਂ ਨਹੀਂ ਚੰਡੀਗੜ੍ਹ, ਦਿੱਲੀ ਦੇ ਆਪਣੇ ਬੰਗਲਿਆਂ ਨੂੰ ਛੱਡਕੇ ਮੁੜ ਪਿੰਡਾਂ ਵੱਲ ਵਹੀਰਾਂ ਘੱਤ ਲੈਦੇ? ਕਿਸੇ ਪਿੰਡ ਵਿੱਚ ਕੁੱਲੀ ਪਾ ਕੇ ਰਹਿਣ ਲੱਗ ਪਓ! ਮਾਨ ਕੋਈ ਪੰਜਾਬੀ ਫਿਲਮ ਬਣਾਉਂਦੇ ਹਨ ਤਾਂ ਸਾਰੇ ਨੌਜਵਾਨ ਮੁÎੰਡੇ-ਕੁੜੀਆਂ ਆਧੁਨਿਕ ਪਹਿਰਾਵਿਆਂ ਵਿੱਚ ਦਿੱਖਦੇ ਹਨ (ਪਿੱਛੇ ਜਿਹੇ ਉਨ੍ਹਾਂ ਦੀਆਂ ਕੁੱਝ ਫਿਲਮਾਂ ਦੇ ਸੰਦਰਭ ਵਿੱਚ) ਕਿਉਂ ਨਹੀਂ ਉਹ ਉਨ੍ਹਾਂ ਨੂੰ ਕੁੜਤੇ-ਚਾਦਰੇ ਪਵਾਈ ਕਾਲਜ ਜਾਂਦੇ ਦਿਖਾਂਉਂਦੇ? ਪਰ ਉਹ ਇਸ ਤਰ੍ਹਾਂ ਨਹੀਂ ਕਰਨਗੇ ਕਿਉਂਕਿ ਇਸ ਜੀਨ-ਕਲਚਰ ਦੀ ਵੀ ਇÎੱਕ ਮਾਰਕਿਟ ਹੈ ਤੇ ਉਸਨੂੰ ਕੈਸ਼ ਕਰਨਾ ਵੀ ਜ਼ਰੂਰੀ ਹੈ। ਇਸ ਪੂਰੇ ਮਾਮਲੇ ਵਿੱਚ ਜ਼ਿਆਦਾ ਜ਼ੋਰ ਤਾਂ ਮਾਰਕਿਟ ਨੂੰ ਕੈਸ਼ ਕਰਨ 'ਤੇ ਹੀ ਲੱਗਾ ਹੋਇਆ ਹੈ। ਸਿਰਫ਼ ਗੁਰਦਾਸ ਮਾਨ ਹੀ ਨਹੀਂ ਇÎੱਕ ਪੂਰੀ ਦੀ ਪੂਰੀ ਲਾਬੀ ਹੈ ਇਸ ਸੱਭਿਆਚਾਰ ਬਚਾਓ ਅੰਦੋਲਨ ਪਿੱਛੇ। ਜੇਕਰ ਇਹ ਨੌਜਵਾਨਾਂ ਨੂੰ 'ਵਿਰਸੇ' ਨਾਲ਼ ਜੋੜ ਕੇ ਅਸਲ ਵਿੱਚ ਬਦਲਣਾ ਚਾਹੁੰਦੇ ਹਨ, ਇਨ੍ਹਾਂ ਨੂੰ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਵਾਕਿਆ ਹੀ ਕੋਈ ਚਿੰਤਾ ਹੈ ਤਾਂ ਬੇਰੁਜ਼ਗਾਰੀ, ਮਹਿੰਗਾਈ ਆਦਿ ਅਨੇਕਾਂ ਮੁੱਦੇ ਹਨ। ਜੇਕਰ ਬੋਲਣ ਲਈ ਹੋਰ ਕੁੱਝ ਨਹੀਂ ਤਾਂ ਪੁਲਸ ਹੱਥੋਂ ਗੁੱਤਾਂ ਤੋਂ ਫੜ-ਫੜ ਘੜੀਸੀਆਂ ਜਾਂਦੀਆਂ ਵਿਦਿਆਰਥਣਾਂ, ਨਰਸਾਂ, ਆਂਗਣਵਾੜੀ ਵਰਕਰਾਂ ਆਦਿ ਦੇ ਹੱਕ ਵਿੱਚ ਘੱਟੋ-ਘੱਟ ਹਾਅ ਦਾ ਨਾਅਰਾ ਹੀ ਮਾਰ ਦੇਣ। ਪਿੱਛੇ ਜਿਹੇ ਤਾਂ ਵੈਟਨਰੀ ਵਿਦਿਆਰਥੀਆਂ ਦੇ ਮੁਜ਼ਾਹਰੇ 'ਤੇ ਲਾਠੀਚਾਰਜ ਸਮੇਂ ਪੁਲਸੀਆਂ ਨੇ ਵਿਦਿਆਰਥਣਾਂ ਦੀਆਂ ਕਮੀਜ਼ਾਂ ਵਿੱਚ ਹੱਥ ਪਾਉਣ ਤੱਕ ਦੀ ਨੀਚ ਹਰਕਤ ਕੀਤੀ। ਉਸ ਵਕਤ ਇਨ੍ਹਾਂ ਗਾਇਕਾਂ ਦੀ ਸੁਰ ਨਹੀਂ ਨਿਕਲਦੀ ਤੇ ਕਲਮ-ਨਵੀਸਾਂ ਦੀ ਕਲਮ ਘਾਹ ਚਰਨ ਤੁਰ ਪੈਂਦੀ ਹੈ ਸਗੋਂ ਇਹ ਤਾਂ ਉਲਟਾ ਕਰਦੇ ਹਨ, ਹਰ ਸੱਤਾਧਾਰੀ ਪਾਰਟੀ (ਵਿਰੋਧੀ ਧਿਰ ਤੇ ਹਰ ਵੋਟ ਬਟੋਰੂ ਪਾਰਟੀ) ਦੀਆਂ ਰੈਲ਼ੀਆਂ-ਜਲਸਿਆਂ ਵਿੱਚ ਇਕੱਠ ਕਰਨ ਲਈ ਪਿੰਡਾਂ ਦੇ ਭੰਡਾਂ ਦੀ ਤਰ੍ਹਾਂ ਸੁਰ ਕੱਢਦੇ ਹਨ ਤੇ ਸਾਡੇ ਜੋ ਲੋਕ ਇਨ੍ਹਾਂ ਤੋਂ ਸਮਾਜ ਨੂੰ ਦਿਸ਼ਾ ਦੇਣ ਦੀ ਆਸ ਰੱਖਦੇ ਹਨ ਉਨਾਂ ਦੀ ਅਕਲ ਲਈ ਸਾਨੂੰ ਫਿਕਰ ਹੋਣ ਲੱਗਦਾ ਹੈ।
ਚਿਲੀ ਦੇ ਕਵੀ ਪਾਬਲੋ ਨੇਰੂਦਾ ਦੀਆਂ ਕੁੱਝ ਸਤਰਾਂ ਯਾਦ ਆਉਂਦੀਆਂ ਹਨ—
ਤੁਸੀਂ ਪੁਛੋਂਗੇ
ਕਿਉਂ ਨਹੀਂ ਕਰਦੀ 
ਉਸਦੀ ਕਵਿਤਾ 
ਉਸਦੇ ਦੇਸ਼ ਦੇ 
ਫੁੱਲਾਂ ਅਤੇ ਪੱਤਿਆਂ ਦੀ ਗੱਲ
ਆਓ 
ਦੇਖੋ ਗਲ਼ੀਆਂ ਵਿੱਚ ਵਹਿੰਦਾ ਲਹੂ
ਆਓ ਦੇਖੋ 
ਗਲ਼ੀਆਂ ਵਿੱਚ ਵਹਿੰਦਾ ਲਹੂ
ਆਓ ਦੇਖੋ ਗਲ਼ੀਆਂ ਵਿੱਚ 
ਵਹਿੰਦਾ ਲਹੂ।
ਜਦ ਖੜ੍ਹੋਤ ਦੀ ਹਾਲਤ ਸਮਾਜ ਨੂੰ ਜਕੜ ਲੈਂਦੀ ਹੈ ਤਾਂ ਪਿਛਾਂਹ ਖਿੱਚੂ ਤਾਕਤਾਂ ਸਮਾਜ ਉੱਤੇ ਹਾਵੀ ਹੋ ਜਾਂਦੀਆਂ ਹਨ। ਅੱਜ ਭਾਰਤ ਵਿੱਚ ਵੀ ਕੁੱਝ ਅਜਿਹੀ ਸਥਿਤੀ ਹੈ ਇਥੇ 84 ਕਰੋੜ ਉਹ ਲੋਕ ਨੇ ਜੋ ਰੋਜ਼ਾਨਾ 20 ਰੁਪਏ ਤੋਂ ਵੀ ਘੱਟ 'ਤੇ ਗੁਜ਼ਰ ਬਸਰ ਕਰਦੇ ਹਨ। ਕਰੋੜਾਂ ਨੌਜਵਾਨ ਹੱਥਾਂ ਵਿੱਚ ਮਹਿੰਗੀਆਂ-ਮਹਿੰਗੀਆਂ ਡਿਗਰੀਆਂ ਲਈ ਦਰ-ਦਰ ਦੀ ਖਾਕ ਛਾਨਣ ਨੂੰ ਮਜਬੂਰ ਹਨ। ਦਾਜ-ਦਹੇਜ ਵਰਗੀਆਂ ਰੂੜੀਆਂ, ਨਸ਼ੇ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ। ਪੱਛਮੀ ਸੱਭਿਆਚਾਰ ਵਿੱਚੋਂ ਛਣ ਕੇ ਆਇਆ 'ਕੂੜਾ ਸੱਭਿਆਚਾਰ' ਨਵੀਂ ਪਨੀਰੀ ਦੇ ਦਿਮਾਗਾਂ ਨੂੰ ਗੰਧਲਾ ਰਿਹਾ ਹੈ। ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਕੋਈ ਵੀ ਇਨਕਲਾਬੀ ਬਦਲ ਮੌਜੂਦ ਨਹੀਂ ਤੇ ਜੋ ਹੈ ਉਹ ਬਹੁਤ ਸੀਮਤ ਹੈ। ਲੋਕ ਇਸ ਸਭ ਦਾ ਹੱਲ ਚਾਹੁੰਦੇ ਹਨ ਨਾ ਸਿਰਫ਼ ਰਾਜਨੀਤਕ ਅਤੇ ਆਰਥਿਕ ਪੱਖੋਂ, ਸਗੋਂ ਸੱਭਿਆਚਾਰਕ ਪੱਖੋਂ ਵੀ। ਜਦ ਵੀ ਕਿਸੇ ਸਮਾਜ ਵਿੱਚ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਤਾਂ ਮੁੱਖ ਰੂਪ ਵਿੱਚ ਤਿੰਨ ਸ਼ਕਤੀਆਂ ਉੱਥੇ ਸਰਗਰਮ ਹੁੰਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਪਿਛਾਖੜੀ ਧਾਰਾ ਹੁੰਦੀ ਹੈ ਦੂਸਰੀ ਯਥਾਸਥਿਤੀਵਾਦੀ ਤੇ ਤੀਸਰੀ ਅਗਾਂਹਵਧੂ ਧਾਰਾ ਜਾਂ ਇਨਕਲਾਬੀ ਧਾਰਾ। ਖੜ੍ਹੋਤ ਦੇ ਸਮਿਆਂ ਵਿੱਚ ਪਿਛਾਖੜੀ ਧਾਰਾ ਜ਼ਿਆਦਾ ਪ੍ਰਬਲ ਹੁੰਦੀ ਹੈ ਕਿਉਂਕਿ ਉਸ ਕੋਲ ਬਣੀ ਬਣਾਈ ਵਿਰਾਸਤ ਮੌਜੂਦ ਹੁੰਦੀ ਹੈ ਉਸਨੇ ਨਵਾਂ ਕੁੱਝ ਨਹੀਂ ਕਰਨਾ ਹੁੰਦਾ ਸਗੋਂ ਬੀਤੇ ਦਾ ਹੀ ਪੁਨਰਉਥਾਨ ਕਰਨਾ ਹੁੰਦਾ ਹੈ। ਕੋਈ ਪ੍ਰਭਾਵੀ ਬਦਲ ਨਾ ਹੋਣ ਕਾਰਨ ਲੋਕ ਬੀਤੇ ਦੇ ਗੌਰਵ ਵੱਲ ਵੇਖਦੇ ਹਨ।  ਸਾਡੇ ਦੇਸ਼ ਵਿੱਚ ਆਰ. ਐੱਸ. ਐੱਸ., ਸਿਮੀ, ਅਤੇ ਪੰਜਾਬ ਵਿੱਚ ਦਲ ਖ਼ਾਲਸਾ ਵਰਗੀਆਂ ਜਥੇਬੰਦੀਆਂ ਇਸਦੀ ਇÎੱਕ ਛੋਟੀ ਜਿਹੀ ਉਦਾਹਰਣ ਹਨ।
ਇਹ ਠੀਕ ਹੈ ਕਿ ਅੱਜ ਹਾਲਾਤ ਬਦ ਨਾਲ਼ੋਂ ਬਦਤਰ ਹਨ ਪਰ ਇਸਦਾ ਹਲ ਇਤਿਹਾਸ ਦੇ ਖੂਹ ਵਿੱਚ ਡਿੱਗ ਕੇ ਨਹੀਂ ਮਿਲ਼ੇਗਾ ਜਿਸਦਾ ਆਕਾਸ਼ ਬਹੁਤ ਹੀ ਸੀਮਤ ਹੁੰਦਾ ਹੈ, ਸਗੋਂ ਇਹ ਭਵਿੱਖ ਦੀਆਂ ਖੋਜ ਯਾਤਰਾਵਾਂ ਵਿੱਚ ਹੈ ਜਿਥੇ ਹਰ ਕਦਮ 'ਤੇ ਨਵੀਂ ਚੁਣੌਤੀ ਹੈ ਅਤੇ ਜਿਸਦੇ ਆਕਾਸ਼ ਅਨੰਤ ਹਨ। ਅੱਜ ਵਿਗਿਆਨ ਜਿੰਨੀ ਤਰੱਕੀ ਕਰ ਚੁੱਕਾ ਹੈ ਇਹ ਜ਼ਰੂਰੀ ਹੋ ਗਿਆ ਹੈ ਕਿ ਚਰਖਿਆਂ ਦੀ ਜਗ੍ਹਾ ਫਲੈਟ ਮਸ਼ੀਨਾਂ ਨੂੰ ਦਿੱਤੀ ਜਾਵੇ, ਬੌਲਦਾਂ ਦੇ ਹਲ਼ਾਂ ਦੀ ਜਗ੍ਹਾ ਟਰੈਕਟਰ ਲੈਣ ਤੇ ਘੱਗਰੇ-ਫੁਲਕਾਰੀਆਂ ਦੀ ਥਾਂ ਪੈਂਟਾਂ ਕਮੀਜ਼ਾਂ ਲੈਣ। ਅਤੇ ਪੁਰਾਣੇ ਨੂੰ, ਮਰ ਚੁੱਕੇ ਨੂੰ ਇਤਿਹਾਸ ਦੇ ਮਿਊਜ਼ਿਅਮ ਵਿੱਚ ਸਜਾ ਦਿੱਤਾ ਜਾਵੇ। ਜਿਨ੍ਹਾਂ ਕਿਰਦਾਰਾਂ ਦਾ ਰੋਲ ਖ਼ਤਮ ਹੋ ਚੁੱਕਾ ਹੈ ਉਨ੍ਹਾਂ ਨੂੰ ਇਤਿਹਾਸ ਦੇ ਰੰਗ ਮੰਚ ਤੋਂ ਵਿਦਾ ਕਰ ਦਿੱਤਾ ਜਾਵੇ। ਤੁਸੀਂ ਸੋਚ ਕੇ ਤਾਂ ਵੇਖੋ ਕਿ ਘੱਗਰੇ ਜਾਂ ਕੁੜਤੇ ਚਾਦਰੇ ਪਾ ਕੇ ਖਰਾਦਾਂ 'ਤੇ ਕੰਮ ਕਰਨਾ ਪਵੇ ਤਾਂ ਕੀ ਬਣੇ, ਸੱਭਿਆਚਾਰ ਨੂੰ ਬਚਾਉਂਦਾ ਬੰਦਾ ਜਾ ਮਰੇ। ਪੀਟੀ ਊਸ਼ਾ ਘੱਗਰਾ ਪਾ ਕੇ ਦੌੜਦੀ ਤਾਂ ਦੌੜ ਨਾ ਲਾਉਂਦੀ ਸਿਰਫ 'ਸੱਭਿਆਚਾਰ' ਹੀ ਸੰਭਾਲਦੀ। ਨਾਲ਼ੇ ਇਕ ਹੋਰ ਵੀ ਸਵਾਲ ਹੈ ਸੱਭਿਆਚਾਰ ਦੇ ਵਾਰਸਾਂ ਅਤੇ ਰੱਖਿਅਕਾਂ ਤੋਂ ਕਿ ਉਹ ਸਿਰਫ਼ ਕੁੜਤੇ ਚਾਦਰੇ ਜਾਂ ਘÎੱਗਰਿਆਂ ਤੱਕ ਹੀ ਪਿੱਛੇ ਕਿਉਂ ਜਾਂਦੇ ਹਨ? ਅਗਰ ਅਸਲ ਵਿੱਚ ਹੀ ਉਹ ਪੁਰਾਣੇ ਸਮੇਂ ਬਹਾਲ ਕਰਨੇ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੱਤੇ ਬੰਨਣ ਦੀ ਮÎੰਗ ਉਠਾਉਣੀ ਚਾਹੀਦੀ ਹੈ। ਜਿਉਂ-ਜਿਉਂ ਮਨੁੱਖੀ ਸਮਾਜਾਂ ਨੇ ਵਿਕਾਸ ਕੀਤਾ ਹੈ ਤਿਵੇ ਹੀ ਅਚੇਤਨ ਤੇ ਸਚੇਤਨ ਦੋਵੇਂ ਹੀ ਰੂਪਾਂ ਵਿੱਚ ਉਨ੍ਹਾਂ ਪੁਰਾਣੇ ਸਮਾਜਾਂ ਦੀ ਰਹਿੰਦ ਖੂੰਹਦ ਨੂੰ ਖ਼ਤਮ ਕੀਤਾ ਹੈ ਹੋਰ ਸਟੀਕ ਕਹਿਣਾ ਹੋਵੇ ਤਾਂ ਅਸੀਂ ਕਹਾਂਗੇ ਕਿ ਜਿਵੇਂ-ਜਿਵੇਂ ਪੁਰਾਣੇ ਪੈਦਾਵਾਰੀ ਸਬੰਧ ਖ਼ਤਮ ਹੋਏ ਉਨ੍ਹਾਂ ਦੀ ਥਾਂ ਨਵੇਂ ਪੈਦਾਵਾਰੀ ਸਬੰਧਾਂ ਨੇ ਲੈ ਲਈ, ਨਵੀਆਂ ਪੈਦਾਵਾਰੀ ਸ਼ਕਤੀਆਂ ਹੋਂਦ ਵਿੱਚ ਆਈਆਂ ਅਤੇ ਸੱਭਿਆਚਾਰ ਨੇ ਨਵੀਂ ਅੰਗੜਾਈ ਭਰੀ। ਇਤਿਹਾਸ ਵੱਲ ਹੀ ਮੂÎੰਹ ਕਰੀ ਰੱਖਣਾ ਭਵਿੱਖ ਅਤੇ ਵਰਤਮਾਨ ਦੀਆਂ ਚੁਣੌਤੀਆਂ ਤੋਂ ਪੂੰਛ ਦਬਾ ਕੇ ਦੌੜਨਾ ਹੈ। 
ਪੁਰਾਣੇ ਸੰਸਕਾਰ ਕਿਉਂਕਿ ਸਮਾਜ ਵਿੱਚ ਜੜ੍ਹਾਂ ਜਮਾਈ ਬੈਠੇ ਹੁੰਦੇ ਹਨ। ਇਸੇ ਲਈ ਇਨ੍ਹਾਂ ਗੀਤਾਂ ਨੂੰ ਲੋਕਾਂ ਵੱਲੋਂ ਵੀ ਹੁੰਗਾਰਾ ਮਿਲਦਾ ਹੈ। ਲੋਕ ਅੱਜ ਦੀਆਂ ਹਾਲਤਾਂ ਤੋਂ ਦੁਖੀ ਇਤਿਹਾਸਕ ਸ਼ਖ਼ਸੀਅਤਾਂ ਜਾਂ ਇਤਿਹਾਸਕ ਘਟਨਾਵਾਂ ਵੱਲ ਟੇਕ ਰੱਖਦੇ ਹਨ।  ਇਤਿਹਾਸ ਦੇ ਉਹ ਇਨਸਾਨ ਮਹਾਨ ਸਨ ਪਰ ਉਨ੍ਹਾਂ ਨੂੰ ਅੱਜ ਦੇ ਸਮਾਜਾਂ ਵਿੱਚ ਫਿਟ ਕਰਨਾ ਨਾ ਸਿਰਫ ਉਨ੍ਹਾਂ ਨਾਲ਼ ਬੇਇਮਾਨੀ ਹੋਵੇਗੀ ਸਗੋਂ ਇਤਿਹਾਸ ਦਾ ਭੰਡ-ਚਿੱਤਰ ਪੇਸ਼ ਕਰਨਾ ਹੋਵੇਗਾ। 
ਇੱਕ ਗੱਲ ਜ਼ਰੂਰ ਪੁੱਛਣੀ ਬਣਦੀ ਹੈ ਇਨ੍ਹਾਂ 'ਸੱਭਿਆਚਾਰ ਰੱਖਿਅਕਾਂ' ਨੂੰ ਕਿ ਉਹ ਬੀਤੇ ਦਾ ਕੀ ਬਹਾਲ ਕਰਨਾ ਚਾਹੁੰਦੇ ਹਨ? ਸਿਰਫ਼ ਸੱਭਿਆਚਾਰ? ਪਰ ਉਹ ਭੁੱਲ ਜਾਂਦੇ ਹਨ ਕਿ ਸੱਭਿਆਚਾਰ ਕਿਸੇ ਵੀ ਸਮਾਜ ਦੀ ਆਰਥਿਕ ਬੁਨਿਆਦ 'ਤੇ ਖੜਾ ਹੁੰਦਾ ਹੈ ਪੁਰਾਣਾ ਸਮਾਜ ਤਬਾਹ ਹੁੰਦਾ ਹੈ ਤਾਂ ਉਹਦੀ ਬੁਨਿਆਦ ਵੀ ਖਤਮ ਹੋ ਜਾਂਦੀ ਹੈ ਤੇ ਨਵੀਂ ਬੁਨਿਆਦ ਉੱਪਰ ਨਵੇਂ ਸੱਭਿਆਚਾਰ ਨੂੰ ਉਸਾਰਨ ਦੀ ਲੋੜ ਹੁੰਦੀ ਹੈ। ਕੀ ਇਹ ਰਖਵਾਲੇ ਚਾਹੁੰਦੇ ਹਨ ਭਾਰਤ ਵਿੱਚ ਮੁੜ ਤੋਂ 575 ਰਿਆਸਤਾਂ ਹੋਣ? ਨਵ-ਵਿਆਹੀ ਨਾਲ਼ ਪਹਿਲੀ ਰਾਤ ਸੌਣ ਦਾ ਹੱਕ ਇਲਾਕੇ ਦੇ ਜਗੀਰਦਾਰ ਦਾ ਹੋਵੇ? ਕਿ ਹਰ ਤੀਆਂ 'ਤੇ ਇਲਾਕੇ ਦੀਆਂ ਸਭ ਕੁੜੀਆਂ ਪਿੰਡ ਦੇ ਬਾਹਰ ਇਕੱਠੀਆਂ ਕੀਤੀਆਂ ਜਾਣ ਤੇ ਮਹਾਰਾਜਾ ਪਟਿਆਲਾ ਉਨ੍ਹਾਂ 'ਚੋਂ ਆਪਣੀਆਂ ਪਸੰਦੀਦਾ ਨੂੰ ਆਪਣੇ ਹਰਮ 'ਚ ਰੱਖੇ, ਕਿ ਮੁੜ ਤੋਂ ਰਾਇਤਵਾੜੀ, ਮਾਹਲਵਾੜੀ ਦੇ ਨਾਂ 'ਤੇ ਜਗੀਰੂ ਲੁੱਟ ਬਹਾਲ ਕੀਤੀ ਜਾਵੇ, ਇÎੱਕ ਬਾਦਸ਼ਾਹ ਹੋਵੇ ਜਿਸਨੂੰ ਦੈਵ-ਅਧਿਕਾਰ ਹੋਵੇ। ਹਾਂ! ਸਿਰਫ਼ ਇਸੇ ਤਰ੍ਹਾਂ ਹੀ ਉਸ ਮਰ ਚੁੱਕੇ ਸੱਭਿਆਚਾਰ ਦੀ ਮੁੜ ਬਹਾਲੀ ਹੋ ਸਕਦੀ ਹੈ। ਇਹ ਲੋਕ ਉਸ ਬੀਤ ਚੁੱਕੇ ਦੇ ਸੋਹਲੇ ਹੀ ਗਾਉਂਦੇ ਹਨ 'ਉਦੋਂ ਦੀ ਸਰਦਾਰੀ' ਦੇ ਸੁਰੀਲੇ ਰਾਗ ਗਾਉਂਦੇ ਹਨ। ਪਰ ਇਹ ਸਰਦਾਰੀ ਕਿਨ੍ਹਾਂ ਦੇ ਸਿਰ 'ਤੇ ਜਬਰ ਢਾਉਂਦੀ ਸੀ ਉਹ ਕਿਰਤੀ ਜਮਾਤ ਇਨ੍ਹਾਂ ਦੇ ਗੀਤਾਂ ਵਿੱਚੋਂ ਗਾਇਬ ਹੁੰਦੀ ਹੈ। ਤੀਆਂ ਦੇ ਤਿਓਹਾਰ ਦਾ ਪਿੱਟ ਸਿਆਪਾ ਹਰ ਸਾਲ ਕੀਤਾ ਜਾਂਦਾ ਹੈ ਪਰ ਪੰਜਾਬ ਵਿੱਚ ਇਸ ਦਾ ਕੀ ਇਤਿਹਾਸ ਸੀ? ਇਹ ਕਦੀ ਨਹੀਂ ਦੱਸਿਆ ਜਾਂਦਾ। ਜੋ ਸੋਹਲੇ ਇਨ੍ਹਾਂ ਵਿਰਸੇ ਦੇ ਅਲੰਬਰਦਾਰਾਂ ਵੱਲੋਂ ਗਾਏ ਜਾਂਦੇ ਹਨ ਉਹ ਉਦੋਂ ਦੇ ਜਾਬਰ ਸਮਾਜ ਨੂੰ ਨਿਆਂ ਉਚਿਤ ਠਹਿਰਾਂਉਦੇ ਹਨ ਕਿਉਂਕਿ ਇਹ ਜਗੀਰੂ ਲੁੱਟ ਅਤੇ ਬਰਬਰਤਾ ਉੱਤੇ ਚਾਦਰ ਪਾਉਂਦੇ ਹਨ। ਮਾਨ ਵਰਗੇ ਕਲਾਕਾਰਾਂ ਅਤੇ ਆਰ. ਐੱਸ. ਐੱਸ. ਵਰਗੇ ਪਿਛਾਖੜੀਆਂ ਵਿੱਚ ਫਰਕ ਇਹ ਹੈ ਕਿ ਪਹਿਲੇ ਸਿਰਫ਼ ਪਿਛਾਖੜੀ ਸੱਭਿਆਚਾਰ ਬਹਾਲ ਕਰਨਾ ਚਾਹੁੰਦੇ ਹਨ ਤੇ ਦੂਸਰੇ ਪਿਛਾਖੜ ਸੱਭਿਆਚਾਰ ਨੂੰ ਆਪਣੀਆਂ ਆਰਥਕ ਬੁਨਿਆਦਾਂ ਸਮੇਤ ਬਹਾਲ ਕਰਨਾ ਚਾਹੁੰਦੇ ਹਨ। ਦੂਸਰੇ ਪਿਛਾਖੜ ਇਸਨੂੰ ਬਹਾਲ ਕਰਨ ਲਈ ਸਚੇਤਨ ਯਤਨ ਕਰਦੇ ਹਨ ਤੇ ਪਹਿਲੇ ਆਪਣੇ ਅਚੇਤਨ ਭੋਲ਼ੇ ਯਤਨਾਂ ਦੌਰਾਨ ਇਹ ਭੁੱਲ ਜਾਂਦੇ ਹਨ ਕਿ ਕਬਰਾਂ ਵਿੱਚੋਂ ਕਦੀ ਮੁਰਦੇ ਬਾਹਰ ਨਹੀਂ ਨਿਕਲੇ ਸਿਰਫ਼ 'ਪ੍ਰੇਤ' ਹੀ ਨਿਕਲਦੇ ਹਨ।
ਹਰ ਕਲਾਕਾਰ ਸਚੇਤਨ ਤੌਰ 'ਤੇ ਪਿਛਾਖੜੀ ਨਹੀਂ ਹੁੰਦਾ (ਅਤੇ ਮਾਨ ਹੁਰਾਂ ਦੇ ਮਾਮਲੇ ਵਿੱਚ ਇਹ ਸੱਚ ਹੈ) ਸਗੋਂ ਅਚੇਤਨਤਾ ਦਾ ਪਲੜ੍ਹਾ ਇੱਥੇ ਭਾਰੀ ਹੁੰਦਾ ਹੈ। ਪਰ ਸਮਾਜ ਵਿੱਚ ਪਏ ਇਸ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ ਦਾ ਕਲਾਤਮਕ ਪ੍ਰਗਟਾਵਾ ਕਰਨਾ ਅਚੇਤਨ ਤੌਰ 'ਤੇ ਹੀ ਆਰ. ਐੱਸ. ਐੱਸ. ਵਰਗੀਆਂ ਫਿਰਕੂ ਜਥੇਬੰਦੀਆਂ ਦਾ ਸੱਭਿਆਚਾਰਕ ਵਿੰਗ ਬਣਨ ਦੇ ਤੁਲ ਹੈ ਤੇ ਜੇ ਇਹ ਪ੍ਰਗਟਾਵਾ ਸਚੇਤਨ ਹੋਵੇਂ ਤਾਂ ਕੁੱਝ ਕਹਿਣ ਦੀ ਲੋੜ ਨਹੀਂ। ਰੂਸੀ ਪ੍ਰਬੋਧਨਕਾਲ ਦੇ ਮਹਾਨ ਵਿਚਾਰਕ 'ਅਲੈਕਸਾਂਦਰ ਹਰਜਨ' ਦੇ ਇਨ੍ਹਾਂ ਸ਼ਬਦਾਂ ਨਾਲ਼ ਅਸੀਂ ਲੇਖ ਸਮਾਪਤ ਕਰਦੇ ਹਾਂ:
''ਜਰਜ਼ਰ ਅਤੇ ਹਾਰ ਚੁੱਕਾ ਤੁਰੰਤ ਹੀ ਕਬਰ ਵਿੱਚ ਨਹੀਂ ਪਹੁੰਚ  ਜਾਂਦਾ। ਆਤਮ-ਰੱਖਿਆ ਦੀ ਸਹਿਜ ਭਾਵਨਾ,... ਵਿਨਾਸ਼ ਦੇ ਕੰਢੇ ਉੱਪਰ ਖੜ੍ਹੀ ਵਸਤੂ ਦੇ ਵੱਧ ਤੋਂ ਵੱਧ ਸਮੇਂ ਤੱਕ ਜਿਉਂਦੇ ਰਹਿਣ ਦੇ ਯਤਨ ਤੋਂ ਪ੍ਰੇਰਿਤ ਵਿਰੋਧ ਦਾ ਆਧਾਰ ਹੈ।...ਰੂੜੀਵਾਦੀ ਭਾਵਨਾ ਮਨੁੱਖਾਂ ਵਿੱਚ ਬੀਤੇ ਦੀਆਂ ਪਾਲੀਆਂ ਪੋਸੀਆਂ ਅਤੇ ਪਿਆਰੀਆਂ ਯਾਦਾਂ ਨੂੰ ਜਗਾਉਂਦੀ ਹੈ। ਉਨ੍ਹਾਂ ਨੂੰ ਵੱਡੇਰਿਆਂ ਦੇ ਉਸ ਘਰ ਵਿੱਚ ਵਾਪਸ ਮੁੜ ਜਾਣ ਦੇ ਲਈ ਪ੍ਰੇਰਿਤ ਕਰਦੀਆਂ ਹਨ, ਜਿੱਥੇ ਜ਼ਿੰਦਗੀ ਬਿਨਾਂ ਕਿਸੇ ਚਿੰਤਾ ਦੇ ਅਤੇ ਬਸੰਤੀ ਆਭਾ ਨਾਲ ਭਰਪੂਰ ਸੀ। ਉਹ ਭੁੱਲ ਜਾਂਦੀ ਹੈ ਕਿ ਉਹ ਘਰ ਟੁੱਟ ਭੱਜ ਗਿਆ ਹੈ, ਹਨ੍ਹੇਰਾ ਹੋ ਗਿਆ ਹੈ।...ਪੁਰਾਣਾ ਨਿਜ਼ਾਮ ਜਿਸ ਨੇ ਵਿਦਾ ਹੋਣਾ ਹੈ, ਪੂਰੀ ਤਰ੍ਹਾਂ ਵਿਕਸਿਤ, ਅਮਲ ਵਿੱਚ ਲਿਆਂਦਾ ਹੋਇਆ ਅਤੇ ਲੋਕਾਂ ਦੇ ਦਿਲਾਂ ਵਿੱਚ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਹੁੰਦਾ ਹੈ। ਇਸਦੇ ਉਲਟ ਨਵਾਂ ਅਜੇ ਅਦਿੱਖ ਅਤੇ ਖਲਾਅ 'ਚ ਹੈ। ਉਸ ਕੋਲ ਨਾ ਰੰਗ ਰੂਪ ਹੈ, ਨਾ ਪਹਿਰਾਵਾ। ਜਦੋਂ ਕਿ ਪੁਰਾਣਾ ਅਮੀਰ ਅਤੇ ਸ਼ਕੀਤਸ਼ਾਲੀ ਹੁੰਦਾ ਹੈ...ਉਹ ਅਤੀਤ ਵਿੱਚ ਆਪਣੇ ਭਵਿੱਖ ਦਾ ਆਦਰਸ਼ ਵੇਖਦੇ ਸਨ, ਪਰ ਅਤੀਤ ਦੇ ਹੀ ਬਾਣੇ ਵਿੱਚ... ਪਲ ਭਰ ਲਈ ਹੀ ਸਹੀ—ਇੱਕ ਮੁੱਦਤ ਤੋਂ ਦਫ਼ਨ ਹੋਇਆ ਇਹ ਜੀਵਨ ਆਪਣੀ ਕਬਰ ਵਿੱਚੋਂ ਉੱਠਕੇ ਆ ਸਕਦਾ ਤਾਂ ਉਸ ਦੇ ਉਪਾਸ਼ਕ ਵੀ ਉਸ ਨੂੰ ਵੇਖਕੇ ਹੈਰਾਨ ਰਹਿ ਜਾਂਦੇ ਅਤੇ ਉਹ ਇਸ ਲਈ ਨਹੀਂ ਕਿ ਉਹ ਆਪਣੇ ਸਮੇਂ ਵਿੱਚ ਬੁਰਾ ਸੀ, ਸਗੋਂ ਇਸ ਲਈ ਕਿ ਉਸ ਦਾ ਸਮਾਂ ਬੀਤ ਚੁੱਕਾ ਸੀ। ਜਿਵੇਂ ਵੀ ਹੋਵੇ, ਅਤੀਤ ਵਿੱਚ ਵਸਣ ਵਾਲੇ ਲੋਕਾਂ ਨੂੰ ਗਹਿਰੀ ਵੇਦਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਪਣੇ ਚਾਰੇ ਪਾਸੇ ਦੇ ਵਾਤਾਵਰਣ ਤੋਂ ਉਹ ਓਨੇ ਹੀ ਦੂਰ ਹੁੰਦੇ ਹਨ ਜਿੰਨੇ ਕਿ ਉਹ ਲੋਕ ਜਿਹੜੇ ਸਿਰਫ਼ ਭਵਿੱਖ ਵਿੱਚ ਵਿਚਰਦੇ ਹਨ। ਹਰ ਇਕ ਇਨਕਲਾਬ ਆਪਣੇ ਨਾਲ ਇਸ ਤਰ੍ਹਾਂ ਦੀਆਂ ਵੇਦਨਾਵਾਂ ਨੂੰ ਲੈ ਕੇ ਆਉਂਦਾ ਹੈ, ਜੀਵਨ ਦੇ ਨਵੇਂ ਯੁੱਗ ਤੋਂ ਪਹਿਲਾਂ ਦਾ ਦੌਰ ਬੜਾ ਤ੍ਰਾਸਦਿਕ ਅਤੇ ਅਸਹਿ ਮਾਲੂਮ ਹੁੰਦਾ ਹੈ। ਹਰ ਇਕ ਸਮੱਸਿਆ ਇਕ ਦੁਖਦਾਈ ਕਰਵਟ ਲੈਂਦੀ ਹੈ। ਲੋਕ ਬੇਹੂਦਾ ਹੱਲਾਂ ਵੱਲ, ਜਿਸ ਤੋਂ ਵੀ ਉਨ੍ਹਾਂ ਨੂੰ ਕੁਝ ਤਸੱਲੀ ਮਿਲੇ, ਭੁੱਖਿਆਂ ਵਾਂਗ ਲਪਕਦੇ ਹਨ, ਇਕ ਪਾਸੇ ਅੰਨ੍ਹਾ ਹਠ, ਦੂਸਰੇ ਪਾਸੇ ਅੰਨ੍ਹੀ ਅਨਾਸਥਾ, ਇਕ ਪਾਸੇ ਬੇ-ਸਿਰ ਪੈਰ ਆਸਾਂ, ਦੂਸਰੇ ਪਾਸੇ ਬੇ-ਸਿਰ ਪੈਰ ਨਿਰਾਸ਼ਾ!...ਉਹ ਪੁਰਾਣੀ ਇਮਾਰਤ ਦੀ ਮੁਰੰਮਤ ਕਰਕੇ ਉਸ ਉੱਪਰ ਸਫੈਦੀ ਕਰਨਾ ਚਾਹੁੰਦੇ ਸਨ। ਅਤੀਤ ਦਾ ਤਿਆਗ ਕੀਤੇ ਬਿਨਾਂ ਹੀ ਉਹ ਨਵੇਂ ਤੋਂ ਲਾਭ ਉਠਾਉਣਾ ਚਾਹੁੰਦੇ ਸਨ ਅਤੇ ਉਹ ਅਸਫਲ ਹੋਏ। “ਉਹ ਜਿਹੜਾ ਮੇਰੇ ਤੋਂ ਵਧੇਰੇ ਆਪਣੇ ਮਾਂ-ਪਿਓ ਨੂੰ ਚਾਹੁੰਦਾ ਹੈ, ਮੈਨੂੰ ਨਹੀਂ ਹਾਸਲ ਕਰ ਸਕਦਾ..।” ''

2 comments:

  1. bhut wadhia dhang ate dalilan naal akhauti sabhiachar de almbardaran nu nanga karda hae lekh.

    ReplyDelete
  2. BHUT SOHNA LEKH LIKHIA JI....

    GURJINDER MANGAT

    ReplyDelete